- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਦਾਂ ਦੀ ਕਾਲਾਬਾਜ਼ਾਰੀ; ਸਬਸਿਡੀ ਵਾਲੀਆਂ ਸਹੂਲਤਾਂ ਤੋਂ ਵਾਂਝੇ ਛੋਟੇ ਕਿਸਾਨ

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਕਾਦੀਆਂ/ਸ੍ਰੀ ਹਰਗੋਬਿੰਦਪੁਰ: ਸਰਕਾਰ ਵੱਲੋਂ ਪਿੰਡਾਂ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਸਬਸਿਡੀ 'ਤੇ ਯੂਰੀਆ, ਡੀ.ਏ.ਪੀ., ਬੀਜ, ਕੀਟਨਾਸ਼ਕ ਦਵਾਈਆਂ ਅਤੇ 80 ਫ਼ੀਸਦੀ ਸਬਸਿਡੀ ਵਾਲੇ ਖੇਤੀ ਸੰਦ ਮੁਹੱਈਆ ਕਰਵਾਉਣ ਦੇ ਦਾਅਵੇ ਹਲਕਾ ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਦੇ ਪਿੰਡਾਂ ਵਿੱਚ ਖੋਖਲੇ ਸਾਬਤ ਹੋ ਰਹੇ ਹਨ। ਹਲਕੇ ਦੇ ਪਿੰਡ ਭਾਮੜੀ, ਭਰਥ, ਹਰਚੋਵਾਲ, ਮਠੋਲਾ, ਘੁਮਾਣ ਦੇ ਕਿਸਾਨਾਂ ਨੇ ਕਥਿਤ ਦੋਸ਼ ਲਾਇਆ ਕਿ ਸਭਾਵਾਂ ਦੇ ਸਕੱਤਰ, ਪ੍ਰਬੰਧਕੀ ਕਮੇਟੀ ਦੇ ਕੁਝ ਖ਼ਾਸ ਮੈਂਬਰਾਂ ਨੂੰ ਖ਼ੁਸ਼ ਰੱਖਣ ਲਈ ਸਾਰਾ ਕੋਟਾ ਉਨ੍ਹਾਂ ਨੂੰ ਦੇ ਦਿੰਦੇ ਹਨ ਜਾਂ ਬਾਹਰ ਕਾਲਾਬਾਜ਼ਾਰੀ ਰਾਹੀਂ ਵੇਚ ਦਿੰਦੇ ਹਨ। ਬਿਜਾਈ ਦੇ ਸੀਜ਼ਨ ਦੌਰਾਨ ਸਕੱਤਰ ਨਾ ਤਾਂ ਦਫ਼ਤਰਾਂ ਵਿੱਚ ਬੈਠਦੇ ਹਨ ਅਤੇ ਨਾ ਹੀ ਕਿਸਾਨਾਂ ਦਾ ਫ਼ੋਨ ਚੁੱਕਦੇ ਹਨ। ਇੱਥੋਂ ਤੱਕ ਕਿ ਜੇਕਰ ਕੋਈ ਬਾਕੀਦਾਰ (ਡਿਫਾਲਟਰ) ਕਿਸਾਨ ਨਕਦ ਪੈਸੇ ਦੇ ਕੇ ਵੀ ਖਾਦ ਮੰਗਦਾ ਹੈ, ਤਾਂ ਉਸ ਨੂੰ ਖਾਦ ਨਹੀਂ ਦਿੱਤੀ ਜਾਂਦੀ। ਕਿਸਾਨਾਂ ਨੇ ਮੰਗ ਕੀਤੀ ਕਿ ਸਭਾਵਾਂ ਨੂੰ ਘਾਟੇ ਵਿੱਚ ਦਿਖਾ ਕੇ ਖ਼ੁਦ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਉਣ ਵਾਲੇ ਮੁਲਾਜ਼ਮਾਂ ਦੀ ਚੌਕਸੀ ਵਿਭਾਗ (ਵਿਜੀਲੈਂਸ ਬਿਊਰੋ) ਵੱਲੋਂ ਜਾਂਚ ਕਰਵਾਈ ਜਾਵੇ।ਓਧਰ, ਜਦੋਂ ਕਸਬਾ ਹਰਚੋਵਾਲ ਅਤੇ ਪਿੰਡ ਭਾਮੜੀ ਦੀਆਂ ਸਹਿਕਾਰੀ ਸਭਾਵਾਂ ਦਾ ਜਾਇਜ਼ਾ ਲਿਆ ਗਿਆ ਤਾਂ ਦੇਖਿਆ ਗਿਆ ਕਿ ਸਰਕਾਰੀ ਗੁਦਾਮਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਨਿਯਮਾਂ ਦੇ ਉਲਟ ਕਿਸੇ ਵੀ ਸਭਾ ਦੇ ਦਫ਼ਤਰ ਜਾਂ ਗੁਦਾਮ ਦੇ ਬਾਹਰ ਨਾ ਤਾਂ ਸਭਾ ਦਾ ਨਾਮ ਲਿਖਿਆ ਹੈ ਅਤੇ ਨਾ ਹੀ ਕੋਈ ਸੂਚਨਾ ਬੋਰਡ ਲਾਇਆ ਗਿਆ ਹੈ, ਜਿਸ 'ਤੇ ਖਾਦਾਂ ਅਤੇ ਦਵਾਈਆਂ ਦੇ ਆਏ ਕੋਟੇ ਅਤੇ ਵੰਡ ਦਾ ਵੇਰਵਾ ਦਰਜ ਹੋਵੇ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਸਮਾਜ ਸੇਵੀ ਆਗੂ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਹਰ ਕਿਸਾਨ ਨੂੰ ਪੂਰੀ ਖਾਦ ਤੇ ਸਬਸਿਡੀ ਮਿਲਣਾ ਉਸ ਦਾ ਮੁੱਢਲਾ ਅਧਿਕਾਰ ਹੈ ਅਤੇ ਜੇਕਰ ਕੋਈ ਕਿਸਾਨ ਬਾਕੀਦਾਰ ਵੀ ਹੈ, ਤਾਂ ਉਸ ਨੂੰ ਨਕਦ ਰਾਸ਼ੀ ਬਦਲੇ ਪਹਿਲ ਦੇ ਆਧਾਰ 'ਤੇ ਖਾਦ ਦਿੱਤੀ ਜਾਵੇ।