- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਜਾਂਚ ਅਨੁਸਾਰ ਹਰਪ੍ਰੀਤ ਸਿੰਘ ਦੇ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਹੋਣ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਰੇਲਵੇ ਟਰੈਕ ਧਮਾਕੇ ਨਾਲ ਸਬੰਧਤ ਲੋੜੀਂਦੀਆਂ ਲੋਕੇਸ਼ਨਾਂ ਮੁਹੱਈਆ ਕਰਵਾਉਣ ਵਿੱਚ ਵੀ ਭੂਮਿਕਾ ਨਿਭਾ ਰਿਹਾ ਸੀ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬੀਤੇ 3 ਨਵੰਬਰ ਨੂੰ ਰਾਜਸਥਾਨ ਦੇ ਜ਼ਿਲ੍ਹਾ ਗੰਗਾ ਨਗਰ ਦੇ ਰਾਮ ਸਿੰਘਪੁਰਾ ਵਿੱਚ ਰੇਲਵੇ ਟਰੈਕ ਤੇ ਹੋਏ ਬੰਬ ਧਮਾਕੇ ਵਿੱਚ ਜਿੱਥੇ ਪਿਛਲੇ ਦਿਨੀ ਪੁਲਿਸ ਜਿਲਾ ਗੁਰਦਾਸਪੁਰ ਅਤੇ ਰਾਜਸਥਾਨ ਪੁਲਿਸ ਵੱਲੋਂ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਦੋਸਤਪੁਰ ਦੀ ਮਹਿਕਦੀਪ ਕੌਰ ਅਤੇ ਪਿੰਡ ਚੌੜੇ ਦੇ ਦਵਿੰਦਰ ਸਿੰਘ ਨੂੰ ਦੋ ਪਿਸਤੋਲਾਂ ਅਤੇ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਸੀ ਉੱਥੇ ਇਸ ਮਾਮਲੇ ਵਿੱਚ ਸ਼ਾਮਿਲ ਪਿੰਡ ਸਹੂਰ ਦੇ ਤੀਸਰੇ ਮੁਲਜ਼ਮ ਹਰਪ੍ਰੀਤ ਸਿੰਘ ਜੋ ਪਿੰਡ ਸਹੂਰ ਦੇ ਅਕਾਲੀ ਆਗੂ ਕੈਪਟਨ ਸਿੰਘ ਤੇ ਗੋਲੀ ਚਲਾਉਣ ਦੇ ਦੋਸ ਵਿੱਚ ਜੇਲ ਵਿੱਚ ਬੰਦ ਸੀ ਨੂੰ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਹੋਣ ਦਾ ਸ਼ੱਕ ਤੇ ਪ੍ਰੋਡਕਸ਼ਨ ਵਾਰੰਟ ’ਤੇ ਪੁਲਿਸ ਵੱਲੋਂ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪਿੰਡ ਸਹੂਰ ਦੇ ਅਕਾਲੀ ਆਗੂ ਕੈਪਟਨ ਸਿੰਘ ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਸੀ। ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਸ਼ਨੀਵਾਰ ਸ਼ਾਮ ਨੂੰ ਸ੍ਰੀਗੰਗਾਨਗਰ ਲੈ ਕੇ ਪਹੁੰਚੀ। ਇਸ ਤੋਂ ਬਾਅਦ ਉਸ ਨੂੰ ਅਨੂਪਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਪੁਲਿਸ ਜਾਂਚ ਅਨੁਸਾਰ ਹਰਪ੍ਰੀਤ ਸਿੰਘ ਦੇ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਹੋਣ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਰੇਲਵੇ ਟਰੈਕ ਧਮਾਕੇ ਨਾਲ ਸਬੰਧਤ ਲੋੜੀਂਦੀਆਂ ਲੋਕੇਸ਼ਨਾਂ ਮੁਹੱਈਆ ਕਰਵਾਉਣ ਵਿੱਚ ਵੀ ਭੂਮਿਕਾ ਨਿਭਾ ਰਿਹਾ ਸੀ। ਪੁਲਿਸ ਨੂੰ ਉਸ ਦੇ ਮੋਬਾਈਲ ਫੋਨ ਵਿੱਚੋਂ ਸਾਂਝੀਆਂ ਕੀਤੀਆਂ ਗਈਆਂ ਲੋਕੇਸ਼ਨਾਂ ਅਤੇ ਪਾਕਿਸਤਾਨ ਨਾਲ ਹੋਈ ਗੱਲਬਾਤ ਸਬੰਧੀ ਅਹਿਮ ਸੁਰਾਗ ਮਿਲੇ ਹਨ।
ਹਰਪ੍ਰੀਤ ਸਿੰਘ ਵਾਸੀ ਸਹੂਰ ਜ਼ਿਲ੍ਹਾ ਗੁਰਦਾਸਪੁਰ ਦਾ ਸੰਪਰਕ ਗੰਗਾ ਨਗਰ ਰਾਜਸਥਾਨ ਵਿੱਚ ਤਿੰਨ ਨਵੰਬਰ ਨੂੰ ਰੇਲਵੇ ਟਰੈਕ ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮਹਿਕਦੀਪ ਕੌਰ ਦੋਸਤਪੁਰ ਪੁਲਿਸ ਸਟੇਸ਼ਨ ਕਲਾਨੌਰ ਅਤੇ ਦਵਿਦਰ ਸਿੰਘ ਚੌੜਾ ਪੁਲਿਸ ਸਟੇਸ਼ਨ ਕਲਾਨੌਰ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਹੁਣ ਇਸ ਪੂਰੇ ਮਾਮਲੇ ਵਿੱਚ ਉਸ ਦੀ ਭੂਮਿਕਾ ਅਤੇ ਪਾਕਿਸਤਾਨੀ ਹੈਂਡਲਰਾਂ ਨਾਲ ਜੁੜੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਹਰਪ੍ਰੀਤ ਸਿੰਘ ’ਤੇ ਫਾਇਰਿੰਗ ਦਾ ਗੰਭੀਰ ਮਾਮਲਾ ਦਰਜ ਹੈ। ਦੋਸ਼ ਹੈ ਕਿ ਉਸ ਨੇ 24 ਅਕਤੂਬਰ ਦੀ ਰਾਤ ਕਰੀਬ 9:15 ਵਜੇ ਪਿੰਡ ਸਹੂਰ ਦੇ ਰਹਿਣ ਵਾਲੇ ਕਪਤਾਨ ਸਿੰਘ ’ ਅਕਾਲੀ ਆਗੂ ਤੇ ਗੋਲੀਆਂ ਚਲਾਈਆਂ ਸਨ। ਉਸ ਸਮੇਂ ਕਪਤਾਨ ਸਿੰਘ ਪਰਾਲੀ ਦੀਆਂ ਗੱਠਾਂ ਬਣਾ ਕੇ ਘਰ ਵਾਪਸ ਪਰਤ ਰਹੇ ਸਨ। ਗੋਲੀਬਾਰੀ ਦੌਰਾਨ ਉਨ੍ਹਾਂ ਨੇ ਝੁਕ ਕੇ ਆਪਣੀ ਜਾਨ ਬਚਾਈ। ਇਸ ਘਟਨਾ ਸਬੰਧੀ ਪੁਲਿਸ ਵੱਲੋਂ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ ਕਿ ਕਪਤਾਨ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਤਹਿਤ ਪਾਕਿਸਤਾਨ ਤੋਂ ਹਰਪ੍ਰੀਤ ਸਿੰਘ ਨੂੰ ਪੈਸੇ ਭੇਜੇ ਗਏ ਸਨ। ਫਾਇਰਿੰਗ ਦੀ ਘਟਨਾ ਤੋਂ ਬਾਅਦ ਉਹ ਰਾਜਸਥਾਨ ਚਲਾ ਗਿਆ ਸੀ।
ਜਾਂਚ ਅਧਿਕਾਰੀ ਆਈਪੀਐੱਸ ਨਿਤਿਨ ਚੌਧਰੀ ਨੇ ਮੋਬਾਈਲ ਫੋਨ ਵਿੱਚੋਂ ਲੋਕੇਸ਼ਨ ਮਿਲਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਵੱਲੋਂ ਹੁਣ ਹਰਪ੍ਰੀਤ ਸਿੰਘ ਤੋਂ ਪੁੱਛਗਿੱਛ ਕਰਕੇ ਰੇਲਵੇ ਟਰੈਕ ਧਮਾਕੇ ਵਿੱਚ ਉਸ ਦੀ ਭੂਮਿਕਾ ਅਤੇ ਪਾਕਿਸਤਾਨ ਨਾਲ ਜੁੜੇ ਪੂਰੇ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।