ਬਾਰਿਸ਼ ਤੇ ਤੇਜ਼ ਹਨੇਰੀ ਕਾਰਨ ਬਾਸਮਤੀ ਖੇਤਾਂ ਵਿੱਚ ਪਈ ਲੰਮੇ, ਕਾਸ਼ਤਕਾਰ ਪਰੇਸ਼ਾਨ ਬਾਰਿਸ਼ ਤੇ ਤੇਜ਼ ਹਨੇਰੀ ਕਾਰਨ ਬਾਸਮਤੀ ਖੇਤਾਂ ਵਿੱਚ ਪਈ ਲੰਮੇ, ਕਾਸ਼ਤਕਾਰ ਪਰੇਸ਼ਾਨ
Publish Date: Sun, 11 Oct 2026 03:17 PM (IST)
Updated Date: Sun, 11 Oct 2026 03:20 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਐਤਵਾਰ ਨੂੰ ਇਸ ਇਲਾਕੇ ਵਿੱਚ ਤੇਜ਼ ਹਨੇਰੀ ਅਤੇ ਬਾਰਿਸ਼ ਪੈਣ ਕਾਰਨ ਕਿਸਾਨਾਂ ਵੱਲੋਂ ਕਾਸ਼ਤ ਕੀਤੀ ਬਾਸਮਤੀ ਦੀ ਫ਼ਸਲ ਖੇਤਾਂ ਵਿੱਚ ਲੰਮੇ ਪੈਣ ਕਾਰਨ ਕਾਸ਼ਤਕਾਰ ਵੱਡੀ ਪਰੇਸ਼ਾਨੀ ਵਿੱਚੋਂ ਗੁਜ਼ਰੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਪਰਮਿੰਦਰ ਸਿੰਘ, ਅਮਰਜੀਤ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਧਰਮਿੰਦਰਜੀਤ ਸਿੰਘ ਆਦਿ ਬਾਸਮਤੀ ਕਾਸ਼ਤਕਾਰਾਂ ਨੇ ਦੱਸਿਆ ਕਿ ਇਸ ਵਾਰ ਜਿੱਥੇ ਬਾਸਮਤੀ 1121 ਦੀਆਂ ਮੁੰਜਰਾਂ ਦਾ ਫਲ ਥੋੜ੍ਹਾ ਪੈਣ ਕਾਰਨ ਫ਼ਸਲ ਦਾ ਝਾੜ ਘੱਟ ਨਿਕਲਣ ਦਾ ਖ਼ਦਸ਼ਾ ਸੀ, ਉੱਥੇ ਐਤਵਾਰ ਨੂੰ ਤੇਜ਼ ਹਨੇਰੀ ਦੇ ਨਾਲ ਮੋਹਲੇਧਾਰ ਬਾਰਿਸ਼ ਪੈਣ ਕਾਰਨ ਬਾਸਮਤੀ ਦੀ ਫ਼ਸਲ ਖੇਤਾਂ ਵਿੱਚ ਹੀ ਲੰਮੇ ਪੈ ਗਈ। ਕਿਸਾਨਾਂ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿੱਚ ਵੀ ਬਾਰਿਸ਼ ਪੈਂਦੀ ਰਹੀ ਤਾਂ ਬਾਸਮਤੀ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਚੋਖਾ ਖਰਚ ਕਰਕੇ ਬਾਸਮਤੀ ਦੀ ਕਾਸ਼ਤ ਕੀਤੀ ਹੋਈ ਹੈ ਅਤੇ ਜੇਕਰ ਲੰਮੇ ਪਈ ਬਾਸਮਤੀ ਦੀ ਫ਼ਸਲ ਆਉਣ ਵਾਲੇ ਦਿਨਾਂ ਵਿੱਚ ਖੜ੍ਹੀ ਨਹੀਂ ਹੁੰਦੀ ਤਾਂ ਬਾਸਮਤੀ ਦਾ ਝਾੜ ਘੱਟ ਨਿਕਲ ਸਕਦਾ ਹੈ, ਜਿਸ ਕਾਰਨ ਬਾਸਮਤੀ ਕਾਸ਼ਤਕਾਰਾਂ ਤੇ ਆਰਥਿਕ ਬੋਝ ਪਵੇਗਾ। ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾਕਟਰ ਸ਼ਾਹਬਾਜ਼ ਸਿੰਘ ਚੀਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਤਵਾਰ ਨੂੰ ਜ਼ਿਲ੍ਹੇ ਵਿੱਚ ਬਾਰਿਸ਼ ਦੇ ਨਾਲ ਹਨੇਰੀ ਚੱਲਣ ਕਾਰਨ ਬਾਸਮਤੀ ਦੀ ਫ਼ਸਲ ਖੇਤਾਂ ਵਿੱਚ ਲੰਮੇ ਪੈਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਗਰਾਊਂਡ ਵਿੱਚ ਜਾ ਕੇ ਬਾਸਮਤੀ ਦੀ ਲੰਮੇ ਪਈ ਫ਼ਸਲ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਬਾਰਿਸ਼ ਹਟ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਲੰਮੇ ਪਈ ਬਾਸਮਤੀ ਖੜ੍ਹੀ ਹੋ ਜਾਵੇਗੀ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਨੀਵੇਂ ਖੇਤਰਾਂ ਵਿੱਚ ਮੀਂਹ ਪੈਣ ਨਾਲ ਬਿਜਾਈ ਕੀਤੀਆਂ ਗਈਆਂ ਸਬਜ਼ੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।