- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੱਸਣ ਦੀ ਚਾਰ ਗੰਡੀਆਂ ਤੋਂ ਬਾਪੂ ਸੁਵਿੰਦਰ ਸਿੰਘ ਨੇ ਕੀਤੀ ਸੀ ਲੱਸਣ ਦੀ ਬਿਜਾਈ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਸਿਆਣੇ ਦੀ ਕਹਾਵਤ ਹੈ 'ਅਕਲ ਨਾਲ ਵਾਹ ਤੇ ਰੱਜ ਕੇ ਖਾਹ'। ਇਸ ਕਹਾਵਤ ਨੂੰ ਸੱਚ ਕਰ ਵਿਖਾ ਰਿਹਾ ਹੈ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਪਿੰਡ ਮਸਤਕੋਟ ਦੇ ਛੋਟੇ ਕਿਸਾਨ ਸੁਵਿੰਦਰ ਸਿੰਘ, ਜਿਸ ਨੇ 10 ਸਾਲ ਪਹਿਲਾਂ ਚਾਰ ਲੱਸਣ ਦੀਆਂ ਗੰਡੀਆਂ ਦੀਆਂ ਤੁਰੀਆਂ ਦੀ ਬਿਜਾਈ ਕਰਕੇ ਬਣਾਏ ਬੀਜ ਤੋਂ ਹਰ ਸਾਲ ਲੱਸਣ ਦੀ ਖੇਤੀ ਕਰਕੇ ਮਾਲੋ-ਮਾਲ ਹੋ ਗਿਆ। ਇਸ ਸਮੇਂ ਆਪਣੇ ਖੇਤਾਂ ਵਿੱਚ ਲੱਸਣ ਦੀ ਬਿਜਾਈ ਕਰ ਰਹੇ ਸੁਵਿੰਦਰ ਸਿੰਘ (78) ਨੇ ਦੱਸਿਆ ਕਿ 10 ਸਾਲ ਪਹਿਲਾਂ ਉਹ ਦੁੱਧ ਦਾ ਕੰਮ ਕਰਦਾ ਸੀ ਅਤੇ ਪਿੰਡਾਂ ਵਿੱਚੋਂ ਦੁੱਧ ਇਕੱਠਾ ਕਰਕੇ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਸ ਨੇ ਦੱਸਿਆ ਕਿ 10 ਸਾਲ ਪਹਿਲਾਂ ਪਿੰਡ ਭੰਡਵਾ ਵਿਖੇ ਜਦੋਂ ਉਹ ਜੋਗਿੰਦਰ ਸਿੰਘ ਬਾਜਵਾ ਦੇ ਘਰੋਂ ਦੁੱਧ ਲੈਣ ਗਿਆ ਤਾਂ ਉਹ ਆਪਣੀ ਬਗੀਚੀ ਵਿੱਚ ਲੱਸਣ ਦੀ ਬਿਜਾਈ ਕਰ ਰਹੇ ਸਨ ਤਾਂ ਉਨ੍ਹਾਂ ਨੇ ਉਸ ਨੂੰ ਚਾਰ ਗੰਡੀਆਂ ਲੱਸਣ ਦੀਆਂ ਦੇ ਦਿੱਤੀਆਂ ਅਤੇ ਉਸ ਨੇ ਉਨ੍ਹਾਂ ਗੰਡੀਆਂ ਦੀਆਂ ਤੁਰੀਆਂ ਦੀ ਬਿਜਾਈ ਆਪਣੇ ਘਰ ਦੀ ਕਿਆਰੀ ਵਿੱਚ ਕੀਤੀ ਅਤੇ ਇਸ ਤੋਂ ਅਗਲੇ ਸਾਲ ਪਿੰਡ ਮਸਤਕੋਟ ਦੇ ਕਪੂਰ ਸਿੰਘ ਵੱਲੋਂ ਉਸ ਨੂੰ ਦਿੱਤੀ ਇੱਕ ਗੰਡੇ ਦੀ ਗੁੱਛੀ ਦੀ ਬਿਜਾਈ ਕਰਨ ਤੋਂ ਬਾਅਦ ਹਰ ਸਾਲ ਲੱਸਣ ਦਾ ਬੀਜ ਵਧਣ ਕਾਰਨ ਉਸ ਵੱਲੋਂ ਆਪਣੇ ਖੇਤਾਂ ਵਿੱਚ ਵੀ ਲੱਸਣ ਦੀ ਬਿਜਾਈ ਜ਼ਿਆਦਾ ਕਰ ਦਿੱਤੀ। ਸੁਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲ ਤੋਂ ਹਰ ਸਾਲ ਪੌਣੇ ਦੋ ਲੱਖ ਦੇ ਕਰੀਬ ਰਕਮ ਦਾ ਲੱਸਣ ਵੇਚਣ ਤੋਂ ਇਲਾਵਾ ਚਾਰ ਕਨਾਲ ਰਕਬੇ ਲਈ ਘਰ ਦਾ ਤਿਆਰ ਕੀਤਾ ਲੱਸਣ ਦਾ ਬੀਜ ਵੀ ਰੱਖਦਾ ਆ ਰਿਹਾ ਹੈ। ਸੁਵਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਲੱਸਣ ਦੇ ਬੀਜ ਦਾ ਭਾਅ 200 ਰੁਪਏ ਪ੍ਰਤੀ ਕਿਲੋ ਹੋਣ ਦੇ ਬਾਵਜੂਦ ਵੀ ਉਸ ਵੱਲੋਂ ਆਪਣੇ ਘਰ ਦਾ ਤਿਆਰ ਕੀਤਾ ਲੱਸਣ ਆਪਣੇ ਹੀ ਹੱਥਾਂ ਨਾਲ ਚਾਰ ਕਨਾਲ ਵਿੱਚ ਲੱਸਣ ਦੀ ਬਿਜਾਈ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੇ ਇੱਕ ਲੱਖ 60 ਹਜ਼ਾਰ ਤੋਂ ਵੱਧ ਦਾ ਲੱਸਣ ਵੇਚਿਆ ਸੀ ਅਤੇ ਕਰੀਬ ਦੋ ਕੁਇੰਟਲ ਲੱਸਣ ਉਸਨੇ ਬੀਜ ਲਈ ਰੱਖਿਆ ਹੋਇਆ ਹੈ। ਸੁਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਜ਼ਮੀਨ ਦਾ ਰਕਬਾ ਘੱਟ ਹੋਣ ਕਾਰਨ ਉਹ ਹਰ ਸਾਲ ਲੱਸਣ ਦੀ ਲਾਹੇਵੰਦ ਖੇਤੀ ਕਰਦਾ ਆ ਰਿਹਾ ਹੈ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਹੱਥੀਂ ਮਿਹਨਤ ਕਰਨ ਤੋਂ ਕੰਨੀ ਕਤਰਾ ਰਹੀ ਹੈ। ਇਸ ਮੌਕੇ 'ਤੇ ਸੁਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਉਹ ਚਾਰ ਕਨਾਲ ਵਿੱਚ ਲੱਸਣ ਦੀ ਖੇਤੀ ਕਰ ਰਿਹਾ ਹੈ ਪਰੰਤੂ ਉਸ ਦੇ ਵਿਦੇਸ਼ ਗਏ ਪੋਤਰਿਆਂ ਵੱਲੋਂ ਉਸ ਨੂੰ ਚਾਰ ਕਨਾਲ ਜ਼ਮੀਨ ਵਾਹੁਣ ਲਈ ਇੱਕ 10 ਲੱਖ ਰੁਪਏ ਦਾ ਵੱਡਾ ਟਰੈਕਟਰ ਖਰੀਦ ਕੇ ਦਿੱਤਾ ਹੋਇਆ ਅਤੇ ਉਹ ਬੁਢਾਪੇ ਵਿੱਚ ਕੇਵਲ ਆਪਣੀ ਹੀ ਜ਼ਮੀਨ ਨੂੰ ਟਰੈਕਟਰ ਨਾਲ ਵਾਹ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਆਪਣੀਆਂ ਘਰ ਦੀਆਂ ਬਗੀਚੀਆਂ ਵਿੱਚ ਲੱਸਣ ਦੀ ਬਿਜਾਈ ਕਰਨ ਤੋਂ ਇਲਾਵਾ ਖੇਤਾਂ ਵਿੱਚ ਵੀ ਲੱਸਣ ਦੀ ਬਿਜਾਈ ਘਰ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੱਸਣ ਲਗਾਉਣ ਦਾ ਢੁਕਵਾਂ ਸਮਾਂ ਹੈ ਅਤੇ ਇੱਕ ਮਰਲੇ ਵਿੱਚ ਇੱਕ ਕਿਲੋ ਲੱਸਣ ਚਾਰ-ਚਾਰ ਇੰਚ ਦੇ ਫਰਕ 'ਤੇ ਲਗਾਇਆ ਜਾ ਰਿਹਾ ਹੈ।