- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਵਿਧਾਇਕ ਲਾਡੀ ਸ਼੍ਰੀ ਅੱਚਲੇਸ਼ਵਰ ਧਾਮ ਅਤੇ ਗੁਰਦੁਆਰਾ ਅੱਚਲ ਸਾਹਿਬ ’ਚ ਹੋਏ ਨਤਮਸਤਕ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਹਲਕਾ ਸ੍ਰੀ ਹਰਗੋਬਿੰਦਪੁਰ ’ਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਆਪਣੇ ਸਾਥੀਆਂ ਸਮੇਤ ਇਤਿਹਾਸਕ ਮੰਦਿਰ ਸ਼੍ਰੀ ਅੱਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਹਲਕਾ ਬਟਾਲਾ ਦੇ ਵਿਧਾਇਕ ਅਮਰਨਸ਼ੇਰ ਸਿੰਘ ਸ਼ੈਰੀ ਕਲਸੀ ਵੀ ਮੌਜੂਦ ਸਨ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਬਲਵਿੰਦਰ ਸਿੰਘ ਲਾਡੀ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ’ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਬੀਤੇ ਦਿਨੀਂ ਬਲਵਿੰਦਰ ਲਾਡੀ ਵਲੋਂ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਨਾ ਅਤੇ ਹਲਕੇ ਦੇ ਸੀਨੀਅਰ ਆਗੂਆਂ ਨਾਲ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਣਾ ਕਿਤੇ ਨਾ ਕਿਤੇ ਇਹ ਇਸ਼ਾਰਾ ਕਰਦਾ ਹੈ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਬਲਵਿੰਦਰ ਲਾਡੀ ਹੀ ਆਪ ਪਾਰਟੀ ਦੇ ਉਮੀਦਵਾਰ ਹੋਣਗੇ।
ਇਸ ਦੌਰਾਨ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਅਮਰਪਾਲ ਸਿੰਘ, ਬਲਵਿੰਦਰ ਸਿੰਘ ਲਾਡੀ ਨਾਲ ਨਜ਼ਰ ਨਹੀਂ ਆਏ। ਇਸ ਮੌਕੇ ਗੱਲਬਾਤ ਕਰਦਿਆਂ ਲਾਡੀ ਨੇ ਕਿਹਾ ਕਿ ਅੱਜ ਉਨ੍ਹਾਂ ਆਪਣੇ ਸਾਥੀਆਂ ਨਾਲ ਸ਼੍ਰੀ ਅੱਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ਼੍ਰੀ ਅੱਚਲ ਸਾਹਿਬ ’ਚ ਨਤਮਤਸਕ ਹੋ ਕੇ ਭਗਵਾਨ ਭੋਲੇ ਨਾਥ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ’ਚ ਪਾਰਟੀ ਨੂੰ ਨਵੇਂ ਸਿਰ ਤੋਂ ਮਜ਼ਬੂਤ ਬਣਾਉਣ ਲਈ ਉਨ੍ਹਾਂ ਵੱਲੋਂ ਲਗਾਤਾਰ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਹਲਕਾ ਸ਼੍ਰੀ ਰਹਗੋਬਿੰਦਪੁਰ ਸਾਹਿਬ ਦੇ ਲੋਕ ਉਨ੍ਹਾਂ ਦਾ ਪਰਿਵਾਰ ਹਨ ਅਤੇ ਉਹ ਹਲਕਾ ਵਾਸੀਆਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਬਹੁਤ ਹੀ ਸੂਝਵਾਨ ਅਤੇ ਅਨੁਭਵੀ ਨੇਤਾ ਹਨ ਅਤੇ ਇਨ੍ਹਾਂ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ’ਚ ਕਾਫੀ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਸਾਢੇ ਚਾਰ ਸਾਲ ਦੇ ਕਾਰਜ਼ਕਾਲ ’ਚ ਪੂਰਾ ਕਰਕੇ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ ਅਤੇ ਵਿਰੋਧੀਆਂ ਕੋਲ ਹੁਣ ਕੋਈ ਵੀ ਮੁੱਦਾ ਨਹੀਂ ਹੈ।