ਬਲਵਿੰਦਰ ਲਾਡੀ ਨੇ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਵਿੱਚ ਕੀਤੀ ਸ਼ਿਰਕਤ ਬਲਵਿੰਦਰ ਲਾਡੀ ਨੇ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਵਿੱਚ ਕੀਤੀ ਸ਼ਿਰਕਤ
Publish Date: Fri, 09 Oct 2026 03:43 PM (IST)
Updated Date: Fri, 09 Oct 2026 03:44 PM (IST)
ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਅੱਜ ਬਟਾਲਾ ਦੇ ਨਜ਼ਦੀਕੀ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਕਰਵਾਈ ਮੈਗਾ ਮਾਪੇ ਅਧਿਆਪਕ ਮਿਲਣੀ ਵਿੱਚ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਲਾਡੀ ਪਹੁੰਚੇ। ਇਸ ਮੌਕੇ ਪ੍ਰਿੰਸੀਪਲ ਗਗਨਦੀਪ ਸਿੰਘ, ਐੱਸਐੱਚਓ ਗੁਰਦਰਸ਼ਨ ਸਿੰਘ, ਸਰਪੰਚ ਭੁਪਿੰਦਰ ਸਿੰਘ, ਡਾਕਟਰ ਮਨਪ੍ਰੀਤ ਸਿੰਘ ਮੈਂਬਰ ਅਤੇ ਹੋਰ ਪਤਵੰਤੇ ਮੌਕੇ ਤੇ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੂੰ ਪ੍ਰਸ਼ੰਸਾ ਪੱਤਰ ਵੰਡੇ। ਇਸ ਮੌਕੇ ਉਹ ਬੱਚਿਆਂ ਦੇ ਮਾਪਿਆਂ ਨੂੰ ਵੀ ਮਿਲੇ ਅਤੇ ਸਰਕਾਰ ਵਲੋਂ ਸਕੂਲਾਂ ਮਜ਼ਬੂਤ ਕੀਤੇ ਗਏ ਬੁਨਿਆਦੀ ਢਾਂਚੇ ਤੋਂ ਇਲਾਵਾ ਵੱਖ ਵੱਖ ਕੀਤੇ ਗਏ ਸੁਧਾਰਾਂ ਬਾਰੇ ਗੱਲਬਾਤ ਕੀਤੀ। ਬਲਵਿੰਦਰ ਲਾਡੀ ਨੇ ਦੱਸਿਆ ਕਿ ਮਾਪਿਆਂ ਦੀ ਵਰਕਸ਼ਾਪ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਦੇ ਐੱਸਐੱਮਸੀ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਸਕੂਲ ਵਿਕਾਸ ਵਿੱਚ ਭਾਈਚਾਰਕ ਸ਼ਮੂਲੀਅਤ ਨੂੰ ਮਜ਼ਬੂਤ ਕਰਨਾ, ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਜਾਗਰੂਕ ਕਰਨਾ ਅਤੇ ਸਕੂਲ ਦੇ ਕਾਰਜ ਵਿੱਚ ਮਾਪਿਆਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਦਿਲਚਸਪ ਗਤੀਵਿਧੀਆਂ ਨਾਲ ਇਕ ਘੰਟੇ ਦੀ ਵਰਕਸ਼ਾਪ, ਵਿਦਿਆਰਥੀਆਂ ਦੇ ਹੁਣ ਤੱਕ ਦੀ ਸਮੁੱਚੀ ਕਾਰਗੁਜਾਰੀ, ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ, ਸਰਕਾਰੀ ਸਕੂਲਾਂ ਦੀ ਸਿੱਖਿਆ ਲਈ ਆਧੁਨਿਕ ਸਿੱਖਣ ਸਿਖਾਉਣ ਦੀਆਂ ਤਕਨੀਕਾਂ ਸੰਬੰਧੀ ਜਾਣਕਾਰੀ, ਅਧਿਆਪਕਾਂ ਤੇ ਮਾਪਿਆਂ ਵਿੱਚ ਸਿੱਧੇ ਆਪਸੀ ਸੰਪਰਕ ਰਾਹੀਂ ਗੱਲਬਾਤ ਦੌਰਾਨ ਵਿਦਿਆਰਥੀ ਦੀ ਫੀਡਬੈਕ, ਜ਼ੀਰੋ ਡਰਾਪਆਊਟ ਤੇ ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨ ਹਿੱਤ ਕੀਤੇ ਜਾਣ ਵਾਲੇ ਉਪਰਾਲਿਆਂ ਆਦਿ ਸੰਬੰਧੀ ਵਿਚਾਰ ਚਰਚਾ ਕੀਤੀ ਗਈ।