ਬੇਰਿੰਗ ਕਾਲਜ ਵਿਖੇ ਆਯੁਰਵੇਦ ਦਿਵਸ ਮਨਾਇਆ ਬੇਰਿੰਗ ਕਾਲਜ ਵਿਖੇ ਆਯੁਰਵੇਦ ਦਿਵਸ ਮਨਾਇਆ
Publish Date: Tue, 29 Sep 2026 03:39 PM (IST)
Updated Date: Tue, 29 Sep 2026 03:42 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਜੇਪੀ ਸਿੰਘ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਡਾ. ਅਮਿਤਾ ਤੇ ਡਾ. ਸਵਿਤਾ ਦੇ ਯੋਗ ਮਾਰਗਦਰਸ਼ਨ ਅਤੇ ਬੀਯੂਸੀ ਕਾਲਜ ਬਟਾਲਾ ਦੀ ਐੱਨਐੱਸਐੱਸ ਯੂਨਿਟ ਦੇ ਇੰਚਾਰਜ ਪ੍ਰੋ. ਅਸ਼ਵਨੀ ਕੁਮਾਰ ਵੱਲੋਂ ਆਯੁਰਵੇਦ ਦਿਵਸ ਮਨਾਉਣ ਲਈ ਵਿਸ਼ੇਸ਼ ਪ੍ਰੋਗਰਾਮ ‘ਤੰਦਰੁਸਤ ਭਵਿੱਖ ਲਈ ਆਯੁਰਵੇਦ ਵਿਸ਼ੇ ’ਤੇ ਆਧਾਰਿਤ ਕਰਵਾਇਆ ਗਿਆ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ, ਕੁਦਰਤੀ ਇਲਾਜ ਅਤੇ ਆਯੁਰਵੇਦ ਦੀ ਰਵਾਇਤੀ ਸਿਆਣਪ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਡਾ. ਸੁਨੀਤਾ ਸਰੰਗਲ ਏਐੱਮਓ ਸਿਵਲ ਹਸਪਤਾਲ ਬੱਬਰੀ, ਗੁਰਦਾਸਪੁਰ ਨੇ ਸਰੋਤ ਵਿਅਕਤੀ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਰੋਜ਼ਾਨਾ ਜੀਵਨ ’ਚ ਆਯੁਰਵੇਦ ਦੀ ਪ੍ਰਸੰਗਿਕਤਾ ਅਤੇ ਬਿਮਾਰੀਆਂ ਤੋਂ ਬਚਾਅ ਦੇ ਨਾਲ-ਨਾਲ ਸੰਤੁਲਿਤ ਜੀਵਨ ਜੀਉਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਜੇਪੀ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਸਿਹਤਮੰਦ ਆਦਤਾਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਜਦਕਿ ਇਸ ਮੌਕੇ ਪ੍ਰੋ. ਨਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਆਯੁਰਵੇਦ ਵਰਗੀਆਂ ਰਵਾਇਤੀ ਪ੍ਰਥਾਵਾਂ ਤੋਂ ਸਿੱਖਣ ਅਤੇ ਆਪਣੀ ਰੋਜ਼ਾਨਾ ਜੀਵਨ-ਸ਼ੈਲੀ ’ਚ ਸਮਝਦਾਰੀ ਨਾਲ ਸਿਹਤਮੰਦ ਚੋਣਾਂ ਕਰਨ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਪ੍ਰੋ. ਅਸ਼ਵਨੀ ਕੁਮਾਰ ਐੱਨਐੱਸਐੱਸ ਇੰਚਾਰਜ ਨੇ ਵਿਦਿਆਰਥੀਆਂ ਅਤੇ ਸਮਾਜ ’ਚ ਸਿਹਤ ਅਤੇ ਤੰਦਰੁਸਤੀ ਸਬੰਧੀ ਜਾਗਰੂਕਤਾ ਫੈਲਾਉਣ ’ਚ ਐੱਨਐੱਸਐੱਸ ਵਲੰਟੀਅਰਾਂ ਦੀ ਭੂਮਿਕਾ ਦੱਸਿਆ। ਪ੍ਰੋਗਰਾਮ ’ਚ ਕੁੱਲ 43 ਵਲੰਟੀਅਰਾਂ ਤੇ 10 ਸਟਾਫ਼ ਮੈਂਬਰਾਂ ਨੇ ਭਾਗ ਲਿਆ। ਐੱਨਐੱਸਐੱਸ ਦੇ ਟੀਮ ਮੈਂਬਰ ਪ੍ਰੋ. ਹਰਪ੍ਰਭਦੀਪ ਸਿੰਘ, ਡਾ. ਜਤਿੰਦਰ ਕੌਰ, ਡਾ. ਈਸ਼ਾ, ਸੁਖਮੀਤ ਕੌਰ, ਸੁਰਜੀਤ ਸਿੰਘ, ਰਘੂਵੰਸ਼ ਤੇ ਰਾਜਵੀਰ ਸਿੰਘ ਤੋਂ ਇਲਾਵਾ ਪ੍ਰੋ. ਆਕਾਸ਼ ਗਿੱਲ, ਪ੍ਰੋ. ਆਕਾਸ਼, ਪ੍ਰੋ. ਸਤਿੰਦਰ ਕੌਰ, ਪ੍ਰੋ. ਜਗਦੀਸ਼ ਕੌਰ ਉਚੇਚੇ ਤੌਰ ’ਤੇ ਹਾਜ਼ਰ ਹੋਏ।