ਤੇਜ਼ਾਬੀ ਹਮਲਿਆਂ ਵਿਰੁੱਧ ਜਾਗਰੂਕਤਾ ਹੀ ਸੁਰੱਖਿਅਤ ਤੇ ਸੰਵੇਦਨਸ਼ੀਲ ਸਮਾਜ ਦੀ ਨੀਂਹ : ਸੀਜੇਐੱਮ ਹਰਪ੍ਰੀਤ ਸਿੰਘ ਤੇਜ਼ਾਬੀ ਹਮਲਿਆਂ ਵਿਰੁੱਧ ਜਾਗਰੂਕਤਾ ਹੀ ਸੁਰੱਖਿਅਤ ਅਤੇ ਸੰਵੇਦਨਸ਼ੀਲ ਸਮਾਜ ਦੀ ਨੀਂਹ: ਸੀਜੇਐੱਮ ਹਰਪ੍ਰੀਤ ਸਿੰਘ
Publish Date: Fri, 13 Nov 2026 03:42 PM (IST)
Updated Date: Sat, 14 Nov 2026 04:00 AM (IST)
ਜੀਆਰਪੀ- ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਸੀਜੇਐੱਮ ਹਰਪ੍ਰੀਤ ਸਿੰਘ। * ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ ’ਚ ਜਾਗਰੂਕਤਾ ਸੈਮੀਨਾਰ ਨਰੇਸ਼ ਕਾਲੀਆ, ਪੰਜਾਬੀ ਜਾਗਰਣ ਗੁਰਦਾਸਪੁਰ : ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਸਮਾਜ ਵਿੱਚ ਤੇਜ਼ਾਬੀ ਹਮਲਿਆਂ ਵਰਗੀ ਘਿਨਾਉਣੀ ਅਤੇ ਅਣਮਨੁੱਖੀ ਅਪਰਾਧਿਕ ਪ੍ਰਵਿਰਤੀ ਵਿਰੁੱਧ ਜਾਗਰੂਕਤਾ ਪੈਦਾ ਕਰਨ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਜਾਣੂ ਕਰਵਾਉਣ ਅਤੇ ਸਮਾਜਿਕ ਸੰਵੇਦਨਸ਼ੀਲਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਕਾਲਜ ਦੇ ਮੁਖੀ ਪ੍ਰੋਫੈਸਰ ਅਤੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੀਜੇਐੱਮ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ। ਸੈਮੀਨਾਰ ਦੇ ਮੁੱਖ ਮਹਿਮਾਨ ਸੀਜੇਐੱਮ ਹਰਪ੍ਰੀਤ ਸਿੰਘ ਨੇ ਸੰਬੋਧਨ ਦੌਰਾਨ ਤੇਜ਼ਾਬੀ ਹਮਲਿਆਂ ਨਾਲ ਸਬੰਧਤ ਕਾਨੂੰਨੀ ਪ੍ਰਬੰਧਾਂ ਬਾਰੇ ਬਹੁਤ ਹੀ ਵਿਸਥਾਰਪੂਰਵਕ ਅਤੇ ਜਾਣਕਾਰੀ ਭਰਪੂਰ ਚਰਚਾ ਕੀਤੀ। ਉਨ੍ਹਾਂ ਨੇ ਭਾਰਤੀ ਕਾਨੂੰਨ ਅਧੀਨ ਤੇਜ਼ਾਬੀ ਹਮਲਿਆਂ ਨਾਲ ਸਬੰਧਤ ਕਾਨੂੰਨੀ ਧਾਰਾਵਾਂ, ਦੋਸ਼ੀਆਂ ਲਈ ਨਿਰਧਾਰਤ ਸਜ਼ਾਵਾਂ, ਤੇਜ਼ਾਬ ਦੀ ਵਿਕਰੀ ਅਤੇ ਵਰਤੋਂ ਸਬੰਧੀ ਨਿਯਮਾਂ ਅਤੇ ਪੀੜਤਾਂ ਨੂੰ ਮਿਲਣ ਵਾਲੇ ਮੁਆਵਜ਼ੇ ਤੇ ਕਾਨੂੰਨੀ ਸਹਾਇਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਨੂੰਨੀ ਜਾਗਰੂਕਤਾ ਅਪਰਾਧਾਂ ਦੀ ਰੋਕਥਾਮ ਅਤੇ ਪੀੜਤਾਂ ਨੂੰ ਨਿਆਂ ਦਿਵਾਉਣ ਦਾ ਇੱਕ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ, ਅਨਿਆਂ ਵਿਰੁੱਧ ਆਵਾਜ਼ ਉਠਾਉਣ ਅਤੇ ਲੋੜ ਪੈਣ ਤੇ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਸੈਮੀਨਾਰ ਦੀ ਸ਼ੁਰੂਆਤ ਵਿੱਚ ਡਾ. ਸੰਦੀਪ ਕੌਰ ਵੱਲੋਂ ਤੇਜ਼ਾਬੀ ਹਮਲਿਆਂ ਦੇ ਗੰਭੀਰ ਸਮਾਜਿਕ ਅਤੇ ਮਨੁੱਖੀ ਪੱਖਾਂ ਨੂੰ ਦਰਸਾਉਂਦੀ ਇੱਕ ਵਿਸ਼ੇਸ਼ ਡਾਕੂਮੈਂਟਰੀ ਵਿਦਿਆਰਥੀਆਂ ਨੂੰ ਦਿਖਾਈ ਗਈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਅਜਿਹੇ ਅਪਰਾਧਾਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਦੇ ਨਾਲ-ਨਾਲ ਪੀੜਤਾਂ ਪ੍ਰਤੀ ਸਹਿਯੋਗ, ਸਨਮਾਨ ਅਤੇ ਮਨੁੱਖੀ ਹਮਦਰਦੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੇਜ਼ਾਬੀ ਹਮਲਾ ਸਿਰਫ਼ ਕਿਸੇ ਵਿਅਕਤੀ ਦੇ ਸਰੀਰ ਤੇ ਕੀਤਾ ਗਿਆ ਹਮਲਾ ਨਹੀਂ, ਸਗੋਂ ਉਸ ਦੀ ਸ਼ਖ਼ਸੀਅਤ, ਆਤਮ-ਵਿਸ਼ਵਾਸ, ਸੁਪਨਿਆਂ ਅਤੇ ਜੀਵਨ ਜਿਊਣ ਦੇ ਅਧਿਕਾਰ ਤੇ ਕੀਤਾ ਗਿਆ ਇੱਕ ਗੰਭੀਰ ਹਮਲਾ ਹੈ। ਸੈਮੀਨਾਰ ਦੇ ਅੰਤ ਵਿੱਚ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮਿੰਦਰ ਸੈਣੀ ਨੇ ਮੁੱਖ ਮਹਿਮਾਨ ਸੀਜੇਐੱਮ ਹਰਪ੍ਰੀਤ ਸਿੰਘ, ਡਾ. ਸੰਦੀਪ ਕੌਰ ਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।