ਸਿੱਖ ਅਤੇ ਕਿਸਾਨ ਜਥੇਬੰਦੀਆਂ ਦੀ ਬੇਨਤੀ ’ਤੇ ਦੁਕਾਨਦਾਰਾਂ ਦਿੱਤਾ ਸਾਥ, ਬਾਜ਼ਾਰ ਪੂਰਨ ਤੌਰ ’ਤੇ ਰਹੇ ਬੰਦ ਸਿੱਖ ਅਤੇ ਕਿਸਾਨ ਜਥੇਬੰਦੀਆਂ ਦੀ ਬੇਨਤੀ ’ਤੇ ਦੁਕਾਨਦਾਰਾਂ ਦਿੱਤਾ ਸਾਥ, ਬਾਜ਼ਾਰ ਪੂਰਨ ਤੌਰ ’ਤੇ ਰਹੇ ਬੰਦ
Publish Date: Fri, 21 Aug 2026 05:09 PM (IST)
Updated Date: Fri, 21 Aug 2026 05:12 PM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਸਰ ਬਟਾਲਾ ’ਚ ਵੀ ਦੇਖਣ ਨੂੰ ਮਿਲਿਆ ਹੈ। ਬਟਾਲਾ ’ਚ ਸ਼ੁਕਰਵਾਰ ਦੀ ਸਵੇਰੇ ਸਿੱਖ ਅਤੇ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਬੰਦ ਨੂੰ ਸਫਲ ਬਣਾਉਣ ਦੀ ਬੇਨਤੀ ਕੀਤੀ, ਜਿਸ ’ਤੇ ਦੁਕਾਨਦਾਰਾਂ ਨੇ ਜਥੇਬੰਦੀਆਂ ਦਾ ਸਾਥ ਦਿੰਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਬਟਾਲਾ ’ਚ ਦੁਕਾਨਾਂ ਤੇ ਹੋਰ ਬਾਜ਼ਾਰ ਪੁੂਰਨ ਤੌਰ ਤੇ ਬੰਦ ਰਹੇ । ਉਧਰ ਪੰਜਾਬ ਬੰਦ ਦਾ ਅਸਰ ਸੜਕੀ ਆਵਾਜਾਈ ’ਤੇ ਵੀ ਦੇਖਣ ਨੂੰ ਮਿਲਿਆ ਹੈ। ਬੱਸਾਂ ਦਾ ਚੱਕਾ ਪੂਰਨ ਤੌਰ ’ਤੇ ਜਾਮ ਹੈ। ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਲੈ ਕੇ ਬਟਾਲਾ ਪੁਲਿਸ ਵੱਡੀ ਗਿਣਤੀ ’ਚ ਬਟਾਲਾ ਦੇ ਰੇਲਵੇ ਸਟੇਸ਼ਨ ਤੇ ਤਾਇਨਾਤ ਰਹੀ ਅਤੇ ਐੱਸਪੀ ਮੈਡਮ ਖੁਸ਼ਬੀਰ ਕੌਰ ਨੇ ਹਾਲਾਤਾਂ ’ਤੇ ਨਿਗਰਾਨੀ ਰੱਖੀ। ਐੱਸਪੀ ਮੈਡਮ ਖੁਸ਼ਬੀਰ ਕੌਰ ਨੇ ਕਿਹਾ ਕਿ ਐਸਐਸਪੀ ਬਟਾਲਾ ਡਾ. ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਹਾਲਾਤਾਂ ’ਤੇ ਪੂਰਨ ਤੌਰ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਬੰਦ ਦੇ ਸੱਦੇ ਦੇ ਤਹਿਤ ਵੱਖ-ਵੱਖ ਥਾਵਾਂ ’ਤੇ ਦੋ ਐੱਸਪੀ, 9 ਡੀਐੱਸਪੀਜ਼ ਅਤੇ ਵੱਖ ਵੱਖ ਥਾਣਿਆਂ ਦੇ ਐੱਸਐੱਚਓਜ਼ ਸਮੇਤ 500 ਪੁਲਿਸ ਦੇ ਜਵਾਨ ਤੈਨਾਤ ਰਹੇ। ਪੁਲਿਸ ਦੇ ਜਵਾਨਾਂ ਦੀ ਨਿਗਰਾਨੀ ਹੇਠ ਬਟਾਲਾ ਸਟੇਸ਼ਨ ਤੋਂ ਰਵਾਨਾ ਹੋਈ ਟਰੇਨ ਬਟਾਲਾ ਰੇਲਵੇ ਸਟੇਸ਼ਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ। ਰੇਲਵੇ ਸਟੇਸ਼ਨ ਅਤੇ ਇਸ ਦੇ ਆਸ-ਪਾਸ ਕਰੀਬ 200 ਪੁਲਿਸ ਮੁਲਾਜ਼ਮਾਂ ਦੀ ਫੋਰਸ ਤਾਇਨਾਤ ਰਹੀ। ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਐੱਸਪੀ ਮੈਡਮ ਖੁਸ਼ਬੀਰ ਕੌਰ ਨੇ ਕੀਤੀ ਅਤੇ ਡੀਐੱਸਪੀ ਆਪਰੇਸ਼ਨ ਕਸਤੂਰੀ ਲਾਲ ਅਤੇ ਡੀਐੱਸਪੀ ਡੀ ਤਜਿੰਦਰ ਪਾਲ ਸਿੰਘ ਗੁਰਾਇਆ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਮੌਜੂਦ ਰਹੇ। ਵੰਦੇ ਭਾਰਤ ਰੇਲ ਗੱਡੀ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਬਟਾਲਾ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤੀ ਗਈ। ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਵੀ ਰੇਲਵੇ ਸਟੇਸ਼ਨ ’ਤੇ ਤਿਆਰ ਰੱਖੀ ਗਈ।ਇਸ ਤੋਂ ਇਲਾਵਾ ਰੇਲਵੇ ਫਾਟਕ ਅਤੇ ਰੇਲਵੇ ਟਰੈਕ ਵੱਲ ਜਾਣ ਵਾਲੇ ਵੱਖ-ਵੱਖ ਰਸਤਿਆਂ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਨਾਕਾਬੰਦੀ ਕੀਤੀ ਗਈ। ਬੱਸਾਂ ਦਾ ਚੱਕਾ ਵੀ ਰਿਹਾ ਜਾਮ ਪੰਜਾਬ ਬੰਦ ਦੌਰਾਨ ਬਟਾਲਾ ’ਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਚੱਕਾ ਸਵੇਰੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਪੂਰਨ ਤੌਰ ’ਤੇ ਬੰਦ ਰਿਹਾ ਅਤੇ ਬਟਾਲਾ ਬੱਸ ਸਟੈਂਡ ਵਿਖੇ ਸਫਰ ਕਰਨ ਵਾਲੇ ਲੋਕ ਪਰੇਸ਼ਾਨ ਹੁੰਦੇ ਦੇਖੇ ਗਏ। ਹਾਲਾਂਕਿ ਲੋਕਾਂ ਨੇ ਬੰਦ ਦੌਰਾਨ ਘਰੋਂ ਨਿਕਲਣਾ ਮੁਨਾਸਬ ਨਹੀਂ ਸਮਝਿਆ, ਪਰ ਫਿਰ ਵੀ ਕੁਝ ਲੋਕ ਬਸ ਅੱਡੇ ’ਤੇ ਪਰੇਸ਼ਾਨ ਦਿਖਾਈ ਦਿੱਤੇ। ਬੈਂਕ ਇੰਸ਼ੋਰੈਂਸ ਦਫਤਰ ਅਤੇ ਸਕੂਲ ਵੀ ਬੰਦ ਰਹੇ... ਪੰਜਾਬ ਬੰਦ ਦੌਰਾਨ ਬਟਾਲਾ ਚ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਪੂਰਨ ਤੌਰ ਤੇ ਬੰਦ ਰਹੇ। ਇਸ ਤੋਂ ਇਲਾਵਾ ਇਨਸ਼ੋਰੈਂਸ ਦਫਤਰ ਵੀ ਬੰਦ ਰਹੇ। ਬਟਾਲਾ ਤੇ ਆਸ ਪਾਸ ਖੇਤਰ ’ਚ ਪ੍ਰਾਈਵੇਟ ਸਕੂਲ ਵੀ ਨਹੀਂ ਲੱਗੇ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਸਕੂਲ ਛੁੱਟੀ ਦਾ ਮੈਸੇਜ ਭੇਜ ਦਿੱਤਾ ਗਿਆ। ਸਰਕਾਰੀ ਸਕੂਲ ਖੁੱਲੇ ਰਹੇ ਪਰ ਉਹਨਾਂ ਅੰਦਰ ਵਿਦਿਆਰਥੀਆਂ ਦੀ ਹਾਜ਼ਰੀ ਨਾਮਾਤਰ ਹੀ ਰਹੀ। ਕਿਸਾਨ ਜਥੇਬੰਦੀ ਨੇ ਲੋਕਾਂ ਦਾ ਕੀਤਾ ਧੰਨਵਾਦ ਕੌਮੀ ਇਨਸਾਫ ਮੋਰਚੇ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਨੂੰ ਮਿਲੇ ਪੂਰਨ ਤੌਰ ’ਤੇ ਹੁੰਗਾਰੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ। ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਖਹਿਰਾ ਨੇ ਬੰਦ ਨੂੰ ਮਿਲੇ ਭਰਪੂਰ ਹੁੰਗਾਰੇ ਲਈ ਦੁਕਾਨਦਾਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਪ੍ਰਧਾਨ ਸੁਖਜੀਤ ਸਿੰਘ ਖਹਿਰਾ ਨੇ ਕਿਹਾ ਕਿ ਲੋਕਾਂ ਨੇ ਆਪ ਮੁਹਾਰੇ ਪੰਜਾਬ ਬੰਦ ਚ ਸਹਿਯੋਗ ਦਿੱਤਾ ਹੈ ਜਿਸ ਲਈ ਉਹ ਉਹਨਾਂ ਦੇ ਧੰਨਵਾਦੀ ਹਨ।