- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੀ ਸ਼ੁਰੂ ਹੁੰਦਿਆਂ ਹੀ ਰਜਾਈਆਂ ਤਲਾਈਆਂ ਭਰਨ ਦਾ ਕੰਮ ਸ਼ੁਰੂ

-ਠੰਢ ਸ਼ੁਰੂ ਹੁੰਦਿਆਂ ਹੀ ਰਜਾਈਆਂ ਤਲਾਈਆਂ ਭਰਨ ਦਾ ਕੰਮ ਸ਼ੁਰੂ
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਗਰਮੀ ਦੇ ਮੌਸਮ ਦੌਰਾਨ ਜਿੱਥੇ ਏਸੀ, ਕੂਲਰਾਂ ਤੇ ਪੱਖਿਆਂ ਦੀ ਵਿਕਰੀ ਪੂਰੇ ਜ਼ੋਰਾਂ ’ਤੇ ਰਹੀ ਸੀ ਉੱਥੇ ਹੁਣ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਭਵਿੱਖ ’ਚ ਠੰਢ ਦੇ ਕਹਿਰ ਤੋਂ ਬਚਣ ਲਈ ਮਹਿਲਾਵਾਂ ਵੱਲੋਂ ਰਜਾਈਆਂ ਤਲਾਈਆਂ ਭਰਨ ਦਾ ਕੰਮ ਪੂਰੇ ਜ਼ੋਰਾਂ ’ਚ ਕੀਤਾ ਜਾ ਰਿਹਾ ਹੈ, ਜਿਸ ਕਾਰਨ ਰੂੰ ਪਿੰਜਣ ਵਾਲੀਆਂ ਮਸ਼ੀਨਾਂ, ਰਜਾਈਆਂ ਤਲਾਈਆਂ ਭਰਨ ਤੇ ਰੂੰ ਖ਼ਰੀਦਣ ਕਾਰਨ ਦੁਕਾਨਾਂ ’ਤੇ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ ਤੇ ਰੂੰ ਵੇਚਣ ਵਾਲੇ ਦੁਕਾਨਦਾਰਾਂ, ਰੂੰ ਪਿੰਜਣ ਤੇ ਰਜਾਈਆਂ ਤਲਾਈਆਂ ਨਗਿੰਦਣ ਵਾਲੇ ਕਾਰੀਗਰਾਂ ਦੇ ਚਿਹਰੇ ਖਿੜੇ ਦਿਖਾਈ ਦੇ ਰਹੇ ਹਨ। ਬਾਰਡਰ ਏਰੀਏ ਦੇ ਸੈਂਕੜੇ ਪਿੰਡਾਂ ਦੇ ਪ੍ਰਮੁੱਖ ਖਰੀਦ ਕੇਂਦਰ ਕਸਬਾ ਕਲਾਨੌਰ ’ਚ ਰੂੰ ਪਿੰਜਣ ਤੇ ਵੱਖ-ਵੱਖ ਕਿਸਮਾਂ ਦਾ ਰੂੰ ਵੇਚਣ ਵਾਲੇ ਦੁਕਾਨਦਾਰ ਸੁਨੀਲ ਤੁੱਲੀ, ਰਮੇਸ਼ ਤੁੱਲੀ ਤੋਂ ਇਲਾਵਾ ਗੁਰਮੁਖ ਸਿੰਘ, ਰਾਜ ਕੁਮਾਰ ਆਦਿ ਮਸ਼ੀਨਾਂ ਦੇ ਮਾਲਕਾਂ ਅਤੇ ਬਾਹਰੀ ਰਾਜਾਂ ਤੋਂ ਰਜਾਈਆਂ ਤਲਾਈਆਂ ਭਰਨ ਦਾ ਕੰਮ ਕਰਦੇ ਮੁਹੰਮਦ ਇਸਰਾਫਲ, ਮੁਹੰਮਦ ਕਨਰੌਲ ਨੇ ਦੱਸਿਆ ਕਿ ਸਰਦੀਆਂ ਵਿੱਚ ਨਵੀਆਂ ਰਜਾਈਆਂ-ਤਲਾਈਆਂ ਬਣਾਉਣ ਤੇ ਪੁਰਾਣੀਆਂ ਰਜਾਈਆਂ ਤਲਾਈਆਂ ਦਾ ਰੂੰ ਪਿੰਜਣ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿੱਥੇ ਬਜ਼ੁਰਗਾਂ ਅਤੇ ਆਮ ਲੋਕਾਂ ਵੱਲੋਂ ਸਰਦੀ ਤੋਂ ਬਚਾਅ ਲਈ ਰੂੰ ਦੀਆਂ ਪੁਰਾਣੀਆਂ ਅਤੇ ਨਵੀਆਂ ਰਜਾਈਆਂ ਤਲਾਈਆਂ ਭਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਉੱਥੇ ਨੌਜਵਾਨ ਪੀੜ੍ਹੀ ਵੱਲੋਂ ਫੈਸ਼ਨ ਦੇ ਯੁੱਗ ਵਿੱਚ ਰਜਾਈਆਂ ਦੀ ਬਜਾਏ ਮਹਿੰਗੇ ਭਾਅ ਦੇ ਗਰਮ ਕੰਬਲ ਖਰੀਦਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਸੁਨੀਲ ਤੁੱਲੀ ਨੇ ਦੱਸਿਆ ਕਿ ਇਸ ਵਾਰ ਕਪਾਹ ਤੇ ਫਾਈਬਰ ਦਾ ਵਧੀਆ ਕਿਸਮ ਦਾ ਰੂੰ 250 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪੁਰਾਣੇ ਬਜ਼ੁਰਗਾਂ ਵੱਲੋਂ ਅਜੇ ਵੀ ਕਪਾਹ ਦੇ ਰੂੰ ਦੀਆਂ ਰਜਾਈਆਂ ਤਲਾਈਆਂ ਭਰਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਮਹਿਲਾਵਾਂ ਵੱਲੋਂ ਪੁਰਾਣੇ ਰੂੰ ਦੀ ਪਿੰਜਾਈ ਕਰਕੇ ਮੁੜ ਰਜਾਈਆਂ ਤਲਾਈਆਂ ਭਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਬਾਰਡਰ ਏਰੀਏ ਦੇ ਪਿੰਡਾਂ ਦੇ ਲੋਕਾਂ ਵੱਲੋਂ 1000, 1200, 1500 ਅਤੇ 2500 ਰੁਪਏ ਤੱਕ ਦੇ ਗਰਮ ਕੰਬਲਾਂ ਦੀ ਖਰੀਦ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਨੌਜਵਾਨ ਪੀੜ੍ਹੀ ਨਾਲ ਸੰਬੰਧਿਤ ਲੜਕੇ ਅਤੇ ਲੜਕੀਆਂ ਵੱਲੋਂ 5 ਹਜ਼ਾਰ ਰੁਪਏ ਤੱਕ ਦਾ ਗਰਮ ਕੰਬਲ ਖ਼ਰੀਦਿਆ ਜਾ ਰਿਹਾ ਹੈ। ਇਸ ਮੌਕੇ ਰੂੰ ਪਿੰਜਾਉਣ ਆਈ ਬਜ਼ੁਰਗ ਮਹਿਲਾ ਸਵਰਨ ਕੌਰ, ਕਸ਼ਮੀਰ ਕੌਰ ਤੇ ਸਵਿੰਦਰ ਕੌਰ ਨੇ ਦੱਸਿਆ ਕਿ ਪੁਰਾਣਿਆਂ ਸਮਿਆਂ ’ਚ ਉਹ ਕਪਾਹ ਨੂੰ ਆਪਣੇ ਘਰਾਂ ਵਿੱਚ ਹੀ ਵੇਲਣਿਆਂ ਨਾਲ ਵਰੇਵੇਂ ਕੱਢਣ ਤੋਂ ਬਾਅਦ ਘਰ ਦੀ ਕਪਾਹ ਦੀਆਂ ਰਜਾਈਆਂ ਤਲਾਈਆਂ, ਇੱਥੋਂ ਤੱਕ ਕਿ ਕਪਾਹ ਨੂੰ ਚਰਖਿਆਂ ਨਾਲ ਧਾਗਾ ਤਿਆਰ ਕਰਕੇ ਰਜਾਈਆਂ ਅਤੇ ਤਲਾਈਆਂ ਦੇ ਅਮਰੇ ਵੀ ਘਰ ਦੇ ਧਾਗੇ ਨਾਲ ਤਿਆਰ ਕਰ ਕੇ ਆਪਣੇ ਘਰਾਂ ਵਿੱਚ ਹੀ ਰਜਾਈਆਂ ਤਲਾਈਆਂ ਨੂੰ ਨਗਿੰਦਿਆ ਜਾਂਦਾ ਸੀ, ਪ੍ਰੰਤੂ ਅੱਜ ਦੇ ਸਮੇਂ ਵਿੱਚ ਕਪਾਹ ਦੀ ਬਿਜਾਈ ਨਾ ਕਰਨ ਅਤੇ ਅੱਜ ਦੀਆਂ ਕੁੜੀਆਂ ਵੱਲੋਂ ਚਰਖੇ ਨਾ ਕੱਤਣ ਕਰਕੇ ਅਜੋਕੇ ਸਮੇਂ ’ਚ ਮੁੱਲ ਦਾ ਰੂੰ ਲੈ ਕੇ ਰੂੰ ਨੂੰ ਪਿੰਜਣ ਅਤੇ ਡਬਲ ਬੈੱਡ ਰਜਾਈ ਨੂੰ ਨਗੰਦਣ ਲਈ 300 ਰੁਪਏ ਮਿਹਨਤ ਦਿੱਤੀ ਜਾ ਰਹੀ ਹੈ, ਜਦਕਿ ਸਿੰਗਲ ਬੈੱਡ ਦੀ 150 ਰੁਪਏ ਮਿਹਨਤ ਦਿੱਤੀ ਜਾ ਰਹੀ ਹੈ।
ਇਸ ਮੌਕੇ ਬਾਹਰਲੇ ਰਾਜਾਂ ਤੋਂ ਖਾਨਦਾਨੀ ਰਜਾਈਆਂ ਤਲਾਈਆਂ ਭਰਨ ਦਾ ਕੰਮ ਕਰਨ ਵਾਲੇ ਕਾਰੀਗਰਾਂ ਨੇ ਦੱਸਿਆ ਕਿ ਮਸ਼ੀਨਾਂ ’ਤੇ ਰੂੰ ਪਿੰਜਣ ਸਮੇਂ ਉਨ੍ਹਾਂ ਨੂੰ ਆਪਣੇ ਮੂੰਹ ’ਤੇ ਮਾਸਕ ਲਾ ਕੇ ਕੰਮ ਕਰਨਾ ਪੈਂਦਾ ਹੈ, ਕਿਉਂਕਿ ਰੂੰ ਦੀ ਧੂੜ-ਮਿੱਟੀ ਉਨ੍ਹਾਂ ਦੀਆਂ ਅੱਖਾਂ ਤੇ ਮੂੰਹ ਵਿੱਚ ਪੈਣ ਕਾਰਨ ਉਨ੍ਹਾਂ ਦੀ ਛਾਤੀ ਵੀ ਖਰਾਬ ਹੋ ਜਾਂਦੀ ਹੈ। ਉਹ ਰਾਤ ਵੇਲੇ ਰੋਜ਼ਾਨਾ ਗੁੜ ਖਾਂਦੇ ਹਨ, ਤਾਂ ਜੋ ਮਿੱਟੀ-ਘੱਟਾ ਉਨ੍ਹਾਂ ਦੇ ਗਲੇ ਵਿੱਚੋਂ ਸਾਫ਼ ਹੋ ਸਕੇ। ਉਹ ਸਖ਼ਤ ਮਿਹਨਤ ਕਰਕੇ 800 ਤੋਂ ਹਜ਼ਾਰ ਰੁਪਏ ਦਿਹਾੜੀ ਮਿਹਨਤ ਪਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਠੰਡ ਪੈਣ ਦੇ ਨਾਲ-ਨਾਲ ਉਨ੍ਹਾਂ ਦਾ ਕਾਰੋਬਾਰ ਵੀ ਵੱਧਦਾ ਜਾ ਰਿਹਾ ਹੈ।