ਦੁਸਹਿਰੇ ਤੋਂ ਪਹਿਲਾਂ ਰੰਗ ਲਿਆ ਰਹੀ ਕਾਰੀਗਰਾਂ ਦੀ ਮਿਹਨਤ, ਅੱਠ ਦੀ ਥਾਂ 11 ਫੁੱਟ ਦਾ ਰਾਵਣ ਦਾ ਸਿਰ ਦੁਸਹਿਰੇ ਤੋਂ ਪਹਿਲਾਂ ਰੰਗ ਲਿਆ ਰਹੀ ਕਾਰੀਗਰਾਂ ਦੀ ਮਿਹਨਤ, ਅੱਠ ਦੀ ਥਾਂ 11 ਫੁੱਟ ਦਾ ਰਾਵਣ ਦਾ ਸਿਰ
Publish Date: Sun, 18 Oct 2026 03:53 PM (IST)
Updated Date: Mon, 19 Oct 2026 04:00 AM (IST)
--ਵਿਸ਼ਾਲ ਪੁਤਲਿਆਂ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਕਰੀਬ 30 ਸਾਲਾਂ ਤੋਂ ਸੰਭਾਲ ਰਹੇ ਪ੍ਰਭਜੋਤ ਸਿੰਘ ਪਲਵਿੰਦਰ ਸਿੰਘ, ਪੰਜਾਬੀ ਜਾਗਰਣ, ਗੁਰਦਾਸਪੁਰ : ਦੁਸਹਿਰੇ ਦੇ ਤਿਉਹਾਰ ਵਿੱਚ ਹੁਣ ਸਿਰਫ਼ ਇੱਕ ਦਿਨ ਬਾਕੀ ਰਹਿ ਗਿਆ ਹੈ ਅਤੇ ਸ਼ਹਿਰ ਵਿੱਚ ਰਾਵਣ ਦਹਿਣ ਦੀਆਂ ਤਿਆਰੀਆਂ ਅੰਤਿਮ ਪੜਾਅ ਤੇ ਪਹੁੰਚ ਗਈਆਂ ਹਨ। ਦੁਸਹਿਰੇ ਦਾ ਤਿਉਹਾਰ 20 ਅਕਤੂਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਮੇਹਰਚੰਦ ਰੋਡ ਤੇ ਇਨ੍ਹਾਂ ਦਿਨਾਂ ਬਾਂਸ, ਕੱਪੜੇ ਅਤੇ ਪਰਾਲੀ ਤੋਂ ਰਾਵਣ, ਮੇਘਨਾਦ ਅਤੇ ਕੁੰਭਕਰਣ ਦੇ ਵਿਸ਼ਾਲ ਪੁਤਲਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਕਾਰੀਗਰ ਦਿਨ-ਰਾਤ ਮਿਹਨਤ ਕਰਕੇ ਪੁਤਲਿਆਂ ਨੂੰ ਤਿਆਰ ਕਰਨ ਵਿੱਚ ਜੁਟੇ ਹੋਏ ਹਨ। ਇਸ ਵਾਰ ਸ਼ਹਿਰਵਾਸੀਆਂ ਨੂੰ 55 ਫੁੱਟ ਉੱਚੇ ਰਾਵਣ ਦੇ ਨਾਲ 50-50 ਫੁੱਟ ਉੱਚੇ ਮੇਘਨਾਥ ਅਤੇ ਕੁੰਭਕਰਣ ਦੇ ਪੁਤਲੇ ਦੇਖਣ ਨੂੰ ਮਿਲਣਗੇ। ਇਨ੍ਹਾਂ ਵਿਸ਼ਾਲ ਪੁਤਲਿਆਂ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਪਿਛਲੇ ਕਰੀਬ 30 ਸਾਲਾਂ ਤੋਂ ਪ੍ਰਭਜੋਤ ਸਿੰਘ ਸੰਭਾਲ ਰਹੇ ਹਨ। ਹਾਲਾਂਕਿ ਉਨ੍ਹਾਂ ਦਾ ਪੁਸ਼ਤੈਨੀ ਕੰਮ ਕਾਰਪੈਂਟਰ ਦਾ ਹੈ, ਪਰ ਦੁਸਹਿਰੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਉਹ ਪੁਤਲੇ ਬਣਾਉਣ ਦੇ ਕੰਮ ਵਿੱਚ ਜੁਟ ਜਾਂਦੇ ਹਨ। ਇਸ ਵਾਰ ਵੀ ਉਨ੍ਹਾਂ ਨਾਲ ਛੇ ਸਥਾਨਕ ਕਾਰੀਗਰ ਲਗਾਤਾਰ ਕੰਮ ਕਰ ਰਹੇ ਹਨ। ਪੁਤਲਿਆਂ ਨੂੰ ਤਿਆਰ ਕਰਨ ਵਿੱਚ ਕਰੀਬ ਸਵਾ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਅਤੇ ਆਖ਼ਰੀ ਦਿਨਾਂ ਵਿੱਚ ਕੰਮ ਦੀ ਰਫ਼ਤਾਰ ਹੋਰ ਵਧਾਉਣੀ ਪੈਂਦੀ ਹੈ। ਪ੍ਰਭਜੋਤ ਸਿੰਘ ਅਨੁਸਾਰ ਇਸ ਵਾਰ ਰਾਵਣ ਦਾ ਪੁਤਲਾ 55 ਫੁੱਟ ਉੱਚਾ ਬਣਾਇਆ ਜਾ ਰਿਹਾ ਹੈ, ਜਦਕਿ ਮੇਘਨਾਥ ਅਤੇ ਕੁੰਭਕਰਣ ਦੇ ਪੁਤਲਿਆਂ ਦੀ ਉੱਚਾਈ 50-50 ਫੁੱਟ ਰੱਖੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਰਾਵਣ ਦੇ ਸਿਰ ਦਾ ਆਕਾਰ ਵੀ ਪਹਿਲਾਂ ਨਾਲੋਂ ਵੱਡਾ ਕੀਤਾ ਗਿਆ ਹੈ। ਪਿਛਲੇ ਸਾਲ ਰਾਵਣ ਦਾ ਸਿਰ ਕਰੀਬ ਅੱਠ ਫੁੱਟ ਦਾ ਸੀ, ਜਦਕਿ ਇਸ ਵਾਰ ਇਸ ਨੂੰ ਵਧਾ ਕੇ 11 ਫੁੱਟ ਕੀਤਾ ਜਾ ਰਿਹਾ ਹੈ। ਪੁਤਲਿਆਂ ਨੂੰ ਮਜ਼ਬੂਤ ਢਾਂਚਾ ਦੇਣ ਲਈ ਇਸ ਵਾਰ ਬਾਂਸ ਜੰਮੂ ਤੋਂ ਮੰਗਵਾਇਆ ਗਿਆ ਹੈ। ਤਿੰਨਾਂ ਪੁਤਲਿਆਂ ਦੇ ਨਿਰਮਾਣ ਵਿੱਚ ਕਰੀਬ ਚਾਰ ਗੰਢਾਂ ਪਰਾਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਰੇਕ ਗੰਢ ਦਾ ਵਜ਼ਨ ਲਗਭਗ 15 ਕਿਲੋ ਹੈ। ਪਰਾਲੀ ਮੇਲਾ ਪ੍ਰਬੰਧਕਾਂ ਵੱਲੋਂ ਉਪਲਬਧ ਕਰਵਾਈ ਜਾਂਦੀ ਹੈ ਜਦਕਿ ਪੁਤਲਿਆਂ ਤੇ ਇਸਤੇਮਾਲ ਹੋਣ ਵਾਲਾ ਕੱਪੜਾ ਫਗਵਾੜੇ ਤੋਂ ਮੰਗਵਾਇਆ ਗਿਆ ਹੈ। -ਮਹਿੰਗਾਈ ਨੇ ਵਧਾਇਆ ਪੁਤਲਿਆਂ ਦਾ ਖ਼ਰਚ ਪੁਤਲਿਆਂ ਦੇ ਨਿਰਮਾਣ ਤੇ ਇਸ ਵਾਰ ਮਹਿੰਗਾਈ ਦਾ ਅਸਰ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤਿੰਨਾਂ ਪੁਤਲਿਆਂ ਨੂੰ ਤਿਆਰ ਕਰਨ ਵਿੱਚ ਕਰੀਬ 65 ਹਜ਼ਾਰ ਰੁਪਏ ਖ਼ਰਚ ਹੋਏ ਸਨ ਪਰ ਇਸ ਵਾਰ ਇਹੀ ਖ਼ਰਚ ਵਧ ਕੇ ਕਰੀਬ 90 ਹਜ਼ਾਰ ਰੁਪਏ ਪਹੁੰਚ ਗਿਆ ਹੈ। ਬਾਂਸ, ਕੱਪੜੇ ਅਤੇ ਹੋਰ ਸਮੱਗਰੀ ਦੇ ਭਾਅ ਵਧਣ ਦੇ ਨਾਲ ਹੀ ਕਾਰੀਗਰਾਂ ਦੀ ਮਜ਼ਦੂਰੀ ਵਿੱਚ ਵੀ ਵਾਧਾ ਹੋਇਆ ਹੈ। ਇਸ ਵਾਰ ਮਜ਼ਦੂਰਾਂ ਦੀ ਦਿਹਾੜੀ ਪਿਛਲੇ ਸਾਲ ਦੀ ਤੁਲਨਾ ਵਿੱਚ ਕਰੀਬ 100 ਰੁਪਏ ਪ੍ਰਤੀ ਵਿਅਕਤੀ ਵਧ ਗਈ ਹੈ। ਇਸ ਦੇ ਬਾਵਜੂਦ ਕਾਰੀਗਰ ਪੁਤਲਿਆਂ ਨੂੰ ਬਿਹਤਰ ਅਤੇ ਆਕਰਸ਼ਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਹਰ ਸਾਲ ਉਹ ਪੁਤਲਿਆਂ ਦੀ ਬਣਾਵਟ ਅਤੇ ਸਰੂਪ ਵਿੱਚ ਕੁਝ ਨਵਾਂ ਕਰਨ ਦਾ ਯਤਨ ਕਰਦੇ ਹਨ, ਤਾਂ ਜੋ ਰਾਵਣ ਦਹਿਣ ਦੇਖਣ ਪਹੁੰਚਣ ਵਾਲੇ ਲੋਕਾਂ ਨੂੰ ਵੱਖਰਾ ਅਨੁਭਵ ਮਿਲ ਸਕੇ। -25 ਸਾਲ ਤੱਕ ਨਿਭਾਇਆ ਰਾਵਣ ਦਾ ਕਿਰਦਾਰ ਪੁਤਲੇ ਬਣਾਉਣ ਦੇ ਪਿੱਛੇ ਪ੍ਰਭਜੋਤ ਸਿੰਘ ਦੀ ਆਪਣੀ ਇੱਕ ਦਿਲਚਸਪ ਕਹਾਣੀ ਵੀ ਹੈ। ਉਨ੍ਹਾਂ ਦੱਸਿਆ ਕਿ ਉਹ ਕਰੀਬ 25 ਸਾਲਾਂ ਤੱਕ ਰਾਮਲੀਲਾ ਦੇ ਮੰਚ ਤੇ ਰਾਵਣ ਦਾ ਕਿਰਦਾਰ ਨਿਭਾਉਂਦੇ ਰਹੇ। ਮੰਚ ਤੇ ਰਾਵਣ ਦਾ ਅਭਿਨੈ ਕਰਦੇ ਸਮੇਂ ਜਦੋਂ ਉਹ ਸ਼ੀਸ਼ੇ ਵਿੱਚ ਆਪਣਾ ਰੂਪ ਦੇਖਦੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਸੀ ਕਿ ਦੁਸਹਿਰਾ ਮੈਦਾਨ ਵਿੱਚ ਲਗਾਏ ਜਾਣ ਵਾਲੇ ਪੁਤਲਿਆਂ ਦਾ ਸਰੂਪ ਰਾਵਣ ਦੇ ਅਸਲੀ ਕਿਰਦਾਰ ਨਾਲ ਮੇਲ ਨਹੀਂ ਖਾਂਦਾ। ਇਸੇ ਸੋਚ ਨੇ ਉਨ੍ਹਾਂ ਨੂੰ ਪੁਤਲੇ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਾਇਆ। ਰਾਮਲੀਲਾ ਮੰਚ ਤੋਂ ਸਿਲਵਰ ਜੁਬਲੀ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਅਭਿਨੈ ਤੋਂ ਸੰਨਿਆਸ ਲਿਆ ਤੇ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸ਼ੁਰੂਆਤ ਵਿੱਚ ਉਹ ਪਠਾਨਕੋਟ ਵਿੱਚ ਪੁਤਲੇ ਤਿਆਰ ਕਰਦੇ ਸਨ ਜਦਕਿ ਪਿਛਲੇ ਕਰੀਬ 15 ਸਾਲਾਂ ਤੋਂ ਸ਼ਹਿਰ ਵਿੱਚ ਹੀ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ। ਪ੍ਰਭਜੋਤ ਸਿੰਘ ਦੇ ਕੰਮ ਦੀ ਸ਼ਹਿਰ ਵਿੱਚ ਕਾਫ਼ੀ ਸਰਾਹਨਾ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਤਲਾ ਤਿਆਰ ਕਰਨਾ ਸਿਰਫ਼ ਬਾਂਸ ਅਤੇ ਕੱਪੜੇ ਨੂੰ ਜੋੜਨ ਦਾ ਕੰਮ ਨਹੀਂ, ਬਲਕਿ ਰਾਵਣ ਦੇ ਸਰੂਪ ਨੂੰ ਕਲਪਨਾ ਅਨੁਸਾਰ ਆਕਾਰ ਦੇਣ ਦੀ ਕਲਾਂ ਹੈ। ਮੇਹਰਚੰਦ ਰੋਡ ਤੇ ਚੱਲ ਰਿਹਾ ਇਹ ਕੰਮ ਹੁਣ ਆਪਣੇ ਅੰਤਿਮ ਪੜਾਅ ਵਿੱਚ ਹੈ ਅਤੇ ਜਲਦ ਹੀ ਇਹ ਵਿਸ਼ਾਲ ਪੁਤਲੇ ਦਸਹਿਰਾ ਮੈਦਾਨ ਵਿੱਚ ਖੜ੍ਹੇ ਹੋ ਕੇ ਰਾਵਣ ਦਹਿਣ ਦੇ ਮੁੱਖ ਆਕਰਸ਼ਣ ਬਣਨਗੇ।