- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਥਿਆਰਬੰਦ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ

ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ: ਧਾਰੀਵਾਲ ਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਲੋਕਾਂ ਅਤੇ ਦੁਕਾਨਦਾਰਾਂ ’ਚ ਡਰ ਤੇ ਰੋਸ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੀ ਰਾਤ ਰੇਲਵੇ ਸਟੇਸ਼ਨ ਧਾਰੀਵਾਲ ਨੇੜੇ ਸਥਿਤ ਰਾਹੁਲ ਸੀਐੱਸਸੀ ਐਂਡ ਟੈਲੀਕਾਮ ਅਤੇ ਕੱਪੜਿਆਂ ਦੀ ਦੁਕਾਨ ਨੂੰ ਹਥਿਆਰਬੰਦ ਚੋਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਮਾਲਕ ਰਾਹੁਲ ਪੁੱਤਰ ਬਰਨਾ ਲਾਲ ਵਾਸੀ ਧਾਰੀਵਾਲ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਨੇੜੇ ਸੀਐੱਸਸੀ ਐਂਡ ਟੈਲੀਕਾਮ ਅਤੇ ਕੱਪੜਿਆਂ ਦੀ ਦੁਕਾਨ ਚਲਾਉਂਦਾ ਹੈ। ਦੁਕਾਨ ਦੀ ਰਖਵਾਲੀ ਲਈ ਉਸ ਨੇ ਇੱਕ ਵਿਅਕਤੀ ਨੂੰ ਰਾਤ ਸਮੇਂ ਉੱਥੇ ਸੌਣ ਲਈ ਥਾਂ ਦਿੱਤੀ ਹੋਈ ਹੈ। ਬੀਤੀ ਰਾਤ ਹਥਿਆਰਾਂ ਨਾਲ ਲੈਸ ਚੋਰਾਂ ਨੇ ਦੁਕਾਨ ’ਚ ਦਾਖਲ ਹੋ ਕੇ ਉਕਤ ਵਿਅਕਤੀ ਨਾਲ ਕਥਿਤ ਤੌਰ ’ਤੇ ਮਾਰ-ਕੁੱਟ ਕੀਤੀ। ਇਸ ਤੋਂ ਬਾਅਦ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਮੋਬਾਈਲ ਫੋਨ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ, ਕੱਪੜੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਲਾਕੇ ’ਚ ਚਿੰਤਾ ਦਾ ਮਾਹੌਲ ਬਣ ਗਿਆ। ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ’ਤੇ ਤੁਰੰਤ ਕਾਬੂ ਪਾਇਆ ਜਾਵੇ ਅਤੇ ਰਾਤ ਸਮੇਂ ਗਸ਼ਤ ਵਧਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਵਾਪਰ ਰਹੀਆਂ ਚੋਰੀਆਂ ਕਾਰਨ ਉਨ੍ਹਾਂ ’ਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ।