- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ 'ਤੇ ਲੱਗੇ ਨਾਜਾਇਜ਼ ਖੋਖੇ-ਰੇਹੜੀਆਂ ਤੋਂ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ

--ਹਰ ਸਮੇਂ ਹਾਦਸਾ ਵਾਪਰਨ ਦਾ ਬਣਿਆ ਰਹਿੰਦਾ ਹੈ ਖ਼ਤਰਾ
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਕਸਬਾ ਤਾਰਾਗੜ੍ਹ ਬਲਾਕ ਨਰੋਟ ਜੈਮਲ ਸਿੰਘ ਦਾ ਮੁੱਖ ਕਸਬਾ ਹੈ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕੇਂਦਰ ਵਿੱਚ ਵਸਿਆ ਹੋਇਆ ਹੈ। ਇਲਾਕੇ ਦੇ ਲੋਕਾਂ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਚੰਡੀਗੜ੍ਹ, ਕਠੂਆ ਆਦਿ ਜਾਣ ਲਈ ਇਸ ਕਸਬੇ ਵਿੱਚ ਆਉਣਾ ਪੈਂਦਾ ਹੈ ਤੇ ਇੱਥੋਂ ਹੀ ਬੱਸਾਂ ਮਿਲਦੀਆਂ ਹਨ ਅਤੇ ਇਲਾਕੇ ਦੇ ਲੋਕਾਂ ਨੂੰ ਨਿੱਜੀ ਲੋੜਾਂ ਦਾ ਸਮਾਨ ਵੀ ਇਹੀ ਕਸਬਾ ਮੁਹੱਈਆ ਕਰਵਾਉਂਦਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕਸਬੇ ਦੀਆਂ ਮੁੱਖ ਸੜਕਾਂ ਜਾਨੀ ਚੱਕ-ਮਦੀਨਪੁਰ, ਬਕਨੌਰ-ਕਥਨੌਰ-ਨਰੋਟ ਜੈਮਲ ਸਿੰਘ, ਦਰਸੋਪੁਰ-ਝੇਲਾ-ਸਿਹੋੜਾ, ਰਤਨਗੜ੍ਹ-ਭਰਿਆਲ ਲਾੜੀ ਆਦਿ ਜਾਣ ਵਾਲੀਆਂ ਸੜਕਾਂ 'ਤੇ ਕੁਝ ਲੋਕਾਂ ਨੇ ਰੇਹੜੀਆਂ, ਖੋਖੇ ਅਤੇ ਟੈਂਟ ਨੁਮਾ ਦੁਕਾਨਾਂ ਲਾ ਕੇ ਸੜਕ 'ਤੇ ਕਬਜ਼ਾ ਕਰ ਲਿਆ ਹੈ। ਇਸ ਕਾਰਨ ਆਵਾਜਾਈ ਵਿੱਚ ਭਾਰੀ ਪਰੇਸ਼ਾਨੀ ਆ ਰਹੀ ਹੈ ਅਤੇ ਹਰ ਵੇਲੇ ਕਿਸੇ ਅਣਹੋਣੀ ਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਸਾਬਕਾ ਸਰਪੰਚ ਨਰਿੰਦਰ ਕੁਮਾਰ ਨੇ ਵੀ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਸਨ ਪਰ ਦੁਕਾਨਦਾਰਾਂ ਵੱਲੋਂ ਸੜਕ ਤੋਂ ਨਾਜਾਇਜ਼ ਦੁਕਾਨਾਂ ਨਹੀਂ ਹਟਾਈਆਂ ਗਈਆਂ। ਸਾਬਕਾ ਸਰਪੰਚ ਨਰਿੰਦਰ ਕੁਮਾਰ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨਰੋਟ ਜੈਮਲ ਸਿੰਘ ਨੂੰ ਪੰਚਾਇਤ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬੀਡੀਪੀਓ ਨਰੋਟ ਜੈਮਲ ਸਿੰਘ ਵੱਲੋਂ 20 ਫਰਵਰੀ 2024 ਨੂੰ ਨੋਟਿਸ ਜਾਰੀ ਕਰਕੇ ਨਾਜਾਇਜ਼ ਦੁਕਾਨਾਂ ਦੇ ਮਾਲਕਾਂ ਨੂੰ ਇੱਕ ਹਫ਼ਤੇ ਵਿੱਚ ਆਪਣੀਆਂ ਦੁਕਾਨਾਂ ਹਟਾ ਕੇ ਸੜਕ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਉਹਨਾਂ ਨਾਜਾਇਜ਼ ਮਾਲਕਾਂ ਨੇ ਬੀਡੀਪੀਓ ਦਫ਼ਤਰ ਵੱਲੋਂ ਮਿਲੇ ਨੋਟਿਸ ਨੂੰ ਪ੍ਰਾਪਤ ਤਾਂ ਕਰ ਲਿਆ ਪਰ ਦੁਕਾਨਾਂ ਨਹੀਂ ਹਟਾਈਆਂ ਤੇ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਕਾਰਨ ਇਸ 'ਤੇ ਕੋਈ ਅਮਲ ਨਹੀਂ ਹੋ ਸਕਿਆ।
ਇਲਾਕੇ ਦੇ ਲੋਕਾਂ ਜੋਗਿੰਦਰ ਸਿੰਘ, ਫ਼ੌਜੀ ਸਤੀਸ਼ ਕੁਮਾਰ, ਸਰਬਜੀਤ ਸਿੰਘ, ਦਰਸ਼ਨ ਸਿੰਘ, ਮੁਕੇਸ਼ ਕੁਮਾਰ, ਰਜਿੰਦਰ ਕੁਮਾਰ, ਨਰੇਸ਼ ਕੁਮਾਰ, ਦਲੀਪ ਸਿੰਘ, ਰਜਨੀਸ਼ ਕੁਮਾਰ ਲੁੱਚੀ, ਕੁਲਜੀਤ ਸਿੰਘ, ਸੇਰ ਸਿੰਘ, ਮਹਿੰਦਰ ਪਾਲ, ਰਜਿੰਦਰ ਸਿੰਘ ਫ਼ੌਜੀ ਰਾਜੂ, ਪ੍ਰਭਾਤ ਸਿੰਘ, ਸੁਰਜੀਤ ਸਿੰਘ, ਅਵਤਾਰ ਪ੍ਰਿਥਵੀਰਾਜ, ਰਕੇਸ਼ ਕੁਮਾਰ, ਰਾਜੇਸ਼ ਕੁਮਾਰ ਆਦਿ ਨੇ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਕੋਲੋ ਪੁਰਜ਼ੋਰ ਮੰਗ ਕੀਤੀ ਹੈ ਕਿ ਇਹਨਾਂ ਨਾਜਾਇਜ਼ ਦੁਕਾਨਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਪਰੇਸ਼ਾਨੀ ਨਾ ਆਵੇ ਅਤੇ ਕੋਈ ਹਾਦਸਾ ਨਾ ਵਾਪਰੇ।
ਇਸ ਸਬੰਧ ’ਚ ਪਿੰਡ ਦੀ ਸਰਪੰਚ ਰੋਜੀ ਸੈਣੀ ਨੇ ਦੱਸਿਆ ਕਿ ਨਾਜਾਇਜ਼ ਤੌਰ 'ਤੇ ਰੇਹੜੀਆਂ, ਖੋਖੇ ਤੇ ਟੈਂਟ ਨੁਮਾ ਦੁਕਾਨਾਂ ਲਾ ਕੇ ਬੈਠੇ ਲੋਕਾਂ ਨੂੰ ਪੰਚਾਇਤ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਉਹਨਾਂ ਸਪੱਸ਼ਟ ਕੀਤਾ ਕਿ ਜੇਕਰ ਇਹਨਾਂ ਦੁਕਾਨਾਂ ਨੂੰ ਨਹੀਂ ਹਟਾਇਆ ਗਿਆ ਤਾਂ ਪੰਚਾਇਤੀ ਵਿਭਾਗ ਵੱਲੋਂ ਸਖ਼ਤ ਕਾਰਵਾਈ ਜਾਵੇਗੀ।