
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਜਵਾ ਲੈਬ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਇਕ ਹੋਰ ਗ੍ਰਿਫਤਾਰ : ਡੀਐੱਸਪੀ ਸੁਖਇੰਦਰ ਸਿੰਘ

ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਕੁਝ ਮਹੀਨੇ ਪਹਿਲਾਂ ਬਾਜਵਾ ਲੈਬ ਲਾਇਲਪੁਰੀਆਂ ਵਾਲੀ ਗਲੀ ਬਟਾਲਾ ’ਤੇ ਹੋਈ ਫਾਇਰਿੰਗ ਦੇ ਮਾਮਲੇ ’ਚ ਸ਼ਾਮਲ ਇਕ ਹੋਰ ਵਿਅਕਤੀ ਨੂੰ 3 ਪਿਸਟਲ, 6 ਜਿੰਦਾ ਰੌਂਦ ਅਤੇ ਇਕ ਮੋਟਰ ਸਾਈਕਲ ਸਮੇਤ ਪੁਲਿਸ ਨੇ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਸਿਟੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਬੀਤੀ 6-7 ਮਾਰਚ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਬਾਜਵਾ ਲੈਬ ਲਾਇਲਪੁਰੀਆਂ ਵਾਲੀ ਗਲੀ ਬਟਾਲਾ ਵਿਖੇ ਫਾਇਰਿੰਗ ਕੀਤੀ ਗਈ ਸੀ, ਜਿਸ ’ਤੇ ਲੈਬ ਮਾਲਕ ਕਿਰਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮੜੀਆਂਵਾਲ ਦੇ ਬਿਆਨਾਂ ’ਤੇ ਥਾਣਾ ਸਿਟੀ ’ਚ ਕੇਸ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਅਰਮਾਨਦੀਪ ਸਿੰਘ ਉਰਫ ਅਮਨਦੀਪ ਸਿੰਘ ਪੁੱਤਰ ਵੀਰ ਸਿੰਘ ਵਾਸੀ ਬਾਸਰਪੁਰ ਨੂੰ ਕਾਬੂ ਕੀਤਾ ਗਿਆ, ਜਿਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਸਨੇ ਇਹ ਵਾਰਦਾਤ ਆਪਣੇ ਦੋਸਤ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜੋਗਿੰਦਰ ਸਿੰਘ ਵਾਸੀ ਹਸਨਪੁਰ ਅਤੇ ਕਰਨਬੀਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਦਬੁਰਜੀ ਹਾਲ ਵਾਸੀ ਬਟਾਲਾ ਨਾਲ ਮਿਲ ਕੇ ਵਿਦੇਸ਼ ’ਚ ਬੈਠੇ ਇਕ ਵਿਅਕਤੀ ਦੇ ਕਹਿਣ ’ਤੇ ਕੀਤੀ ਸੀ। ਡੀਐੱਸਪੀ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰਨ ਉਪਰੰਤ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਨ੍ਹਾਂ ਵਿਅਕਤੀਆਂ ਨੂੰ ਰਵੀਪਾਲ ਸਿੰਘ ਅਤੇ ਗੁਰਪਿੰਦਰ ਸਿੰਘ ਉਰਫ ਗੁਰਬਿੰਦਰ ਸਿੰਘ ਵਾਸੀਆਨ ਰਾਏਪੁਰ ਖੁਰਦ ਵਲੋਂ ਹਥਿਆਰ ਮੁਹੱਈਆ ਕਰਵਾਏ ਗਏ ਹਨ। ਜਦਕਿ ਰਵੀਪਾਲ ਸਿੰਘ ਨੂੰ ਕੁਝ ਸਮਾਂ ਪਹਿਲਾਂ ਹੀ ਇਕ ਪਿਸਟਲ 30 ਬੋਰ ਤੇ ਦੋ ਜਿੰਦਾ ਰੌਂਦ ਸਮੇਤ ਕਾਬੂ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਥਾਣਾ ਸਿਟੀ ਦੀ ਪੁਲਿਸ ਅਤੇ ਸੀਆਈਏ ਸਟਾਫ ਬਟਾਲਾ ਦੇ ਇੰਚਾਰਜ ਸੁਖਰਾਜ ਸਿੰਘ ਨੇ ਸਾਂਝੇ ਆਪ੍ਰੇਸ਼ਨ ਦੌਰਾਨ 15 ਅਗਸਤ ਨੂੰ ਗੁਰਪਿੰਦਰ ਸਿੰਘ ਉਰਫ ਗੁਰਬਿੰਦਰ ਸਿੰਘ ਵਾਸੀ ਰਾਏਪੁਰ ਖੁਰਦ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2 ਪਿਸਟਲ 30 ਬੋਰ, ਇਕ ਪਿਸਟਲ 32 ਬੌਰ ਅਤੇ 6 ਜਿੰਦਾ ਰੌਂਦ ਅਤੇ ਇਕ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ’ਚ ਬੈਠਾ ਇਕ ਵਿਅਕਤੀ ਬਟਾਲਾ ਅਤੇ ਆਸ ਪਾਸ ਦੇ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਕਰਦਾ ਹੈ ਅਤੇ ਪੈਸੇ ਨਾ ਮਿਲਣ ’ਤੇ ਉਸ ਵਲੋਂ ਕਾਰੋਬਾਰੀਆਂ ਦੇ ਵਪਾਰਿਕ ਅਦਾਰਿਆਂ ’ਤੇ ਫਾਇਰਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵਿਰੁੱਧ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ।