ਐਕਸੈਲਸੀਅਰ ਸਕੂਲ ’ਚ ਖੇਡ ਮਹਾਉਤਸਵ ‘ਊਰਜਾ-ਦਿ ਐਨਰਜੀ ਸੀਜ਼ਨ-6’ ਸ਼ੁਰੂ ਐਕਸੈਲਸੀਅਰ ਸਕੂਲ 'ਚ ਸਾਲਾਨਾ ਖੇਡ ਮਹਾਂਉਤਸਵ ‘ਊਰਜਾ – ਦਿ ਐਨਰਜੀ ਸੀਜ਼ਨ-6’ ਸ਼ੁਰੂ
Publish Date: Sun, 29 Nov 2026 04:20 PM (IST)
Updated Date: Sun, 29 Nov 2026 04:22 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਐਕਸੈਲਸੀਅਰ ਪਬਲਿਕ ਸਕੂਲ (ਸੀਨੀਅਰ ਸੈਕੰਡਰੀ) ਕਾਦੀਆਂ ਰੋਡ ਬਟਾਲਾ ’ਚ ਮੁੱਖ ਅਧਿਆਪਿਕਾ ਮੋਨਿਕਾ ਕਪੂਰ ਦੀ ਯੋਗ ਅਗਵਾਈ ਹੇਠ ਖੇਡ ਮਹਾਉਤਸਵ ‘ਊਰਜਾ-ਦਿ ਐਨਰਜੀ ਸੀਜ਼ਨ-6’ ਦੇ ਪਹਿਲੇ ਦਿਨ ਕਰਵਾਇਆ ਗਿਆ। ਪ੍ਰੋਗਰਾਮ ਦਾ ਸ਼ੁੱਭਆਰੰਭ ਸਕੂਲ ’ਚ ਪਧਾਰੇ ਮੁੱਖ ਮਹਿਮਾਨ ਤੇ ਹੋਰ ਪਤਵੰਤੇ ਸੱਜਣਾਂ ਦੇ ਬੈਂਡ ਦੀਆਂ ਮਧੁਰ ਧੁਨਾਂ ਨਾਲ ਭਰਵੇਂ ਸਵਾਗਤ ਨਾਲ ਹੋਇਆ। ਇਸ ਉਪਰੰਤ ਮੁੱਖ ਮਹਿਮਾਨ ਡਾ. ਹਰਅੰਮ੍ਰਿਤ ਪਾਲ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਰੰਗ-ਬਿਰੰਗੇ ਗੁਬਾਰੇ ਉਡਾ ਕੇ ਖੇਡ ਮਹਾਉਤਸਵ ਦਾ ਰਸਮੀ ਉਦਘਾਟਨ ਹੋਇਆ ਅਤੇ ਨਾਲ ਹੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਮਸ਼ਾਲ ਜਗਾ ਕੇ ਮਾਰਚ ਪਾਸਟ ਕੀਤਾ। ਇਸ ਤੋਂ ਬਾਅਦ ਸਾਰੇ ਖਿਡਾਰੀਆਂ ਨੇ ਖੇਡ ਭਾਵਨਾ, ਇਮਾਨਦਾਰੀ ਤੇ ਅਨੁਸ਼ਾਸਨ ਬਣਾਈ ਰੱਖਣ ਦੀ ਸਹੁੰ ਚੁੱਕੀ। ਖੇਡ ਮਹਾਉਤਸਵ ਦੌਰਾਨ ਨੰਨ੍ਹੇ-ਮੁੰਨ੍ਹਿਆਂ ਤੋਂ ਲੈ ਕੇ ਸੀਨੀਅਰਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਹਿੱਸਾ ਲਿਆ। ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਹੂਪ ਰੇਸ, ਹਰਡਲ ਰੇਸ, ਬਟਰਫਲਾਈ ਰੇਸ ਤੇ ਬੰਨੀ ਰੇਸ ’ਚ ਆਪਣੀ ਪ੍ਰਤਿਭਾ ਤੇ ਫੁਰਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਲਈ 100 ਮੀਟਰ ਰੇਸ, ਕੈਟਰਪਿਲਰ ਰੇਸ, ਹਰਡਲ ਰੇਸ, ਬੈਕ-ਟੂ-ਬੈਕ ਬੈਲੂਨ ਰੇਸ, ਥ੍ਰੀ ਲੈੱਗ ਰੇਸ ਤੇ ਥ੍ਰੀ-ਇਨ-ਵਨ ਰੇਸ ਵਰਗੀਆਂ ਮਨੋਰੰਜਕ ਤੇ ਰੋਮਾਂਚਕ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਸ਼ਾਟ ਪੁੱਟ ਤੇ ਡਿਸਕਸ ਥਰੋਅ ਸਮੇਤ ਰਿਲੇਅ ਰੇਸ ਰਗੀਆਂ ਖੇਡ ਪ੍ਰਤੀਯੋਗਤਾਵਾਂ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸਨਮਾਨ ਕੀਤਾ ਗਿਆ। ਉਪਰੰਤ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਜੀਵਨ ਚ ਅਨੁਸ਼ਾਸਨ, ਮਿਹਨਤ, ਆਤਮਵਿਸ਼ਵਾਸ, ਟੀਮ ਭਾਵਨਾ ਤੇ ਖੇਡ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ। ਮੁੱਖ ਅਧਿਆਪਿਕਾ ਮੋਨਿਕਾ ਕਪੂਰ ਨੇ ਵਿਦਿਆਰਥੀਆਂ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਅਖੀਰ ’ਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ।