- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਨਜ਼ਦੀਕੀ ਪਿੰਡ ਔਲਖ ਵਿਖੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਯਾਦਗਾਰ ਵਿੱਚ ਸੁਸ਼ੋਭਿਤ ਗੁਰਦੁਆਰਾ ਬਾਬਾ ਨੰਦਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 32ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਮਹਿੰਦਰ ਸਿੰਘ ਔਲਖ ਅਤੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਔਲਖ ਦੀ ਰਹਿਨੁਮਾਈ ਹੇਠ ਕਰਵਾਏ ਇਸ ਸਮਾਗਮ ਵਿੱਚ ਸਮੂਹ ਸੰਗਤਾਂ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਚਤਰ ਸਿੰਘ ਔਲਖ, ਸੂਬੇਦਾਰ ਕੁਲਵੰਤ ਸਿੰਘ ਔਲਖ ਅਤੇ ਡਾ. ਲਖਵਿੰਦਰ ਸਿੰਘ ਸੰਧੂ ਔਲਖ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਦੌਰਾਨ 825 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਧਾਰਮਿਕ ਦੀਵਾਨ ਵੀ ਸਜਾਏ ਗਏ, ਜਿਨ੍ਹਾਂ ਵਿੱਚ ਕਥਾਵਾਚਕਾਂ, ਰਾਗੀ ਸਿੰਘਾਂ, ਢਾਡੀ ਜਥਿਆਂ ਅਤੇ ਕਵੀਸ਼ਰੀ ਜਥਿਆਂ ਨੇ ਗੁਰਮਤਿ ਵਿਚਾਰਾਂ, ਸ਼ਬਦ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਸਮਾਗਮ ਦੌਰਾਨ ਪ੍ਰਸਿੱਧ ਕਥਾਵਾਚਕ ਜਥੇਦਾਰ ਬਾਬਾ ਰੂੜ ਸਿੰਘ ਔਲਖ ਵਾਲਿਆਂ ਦੀ ਦੇਖ-ਰੇਖ ਹੇਠ ਪੰਜ ਪਿਆਰੇ ਸਾਹਿਬਾਨ ਵੱਲੋਂ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਇਸ ਦੌਰਾਨ 32 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦਾ ਮਾਣ ਪ੍ਰਾਪਤ ਕੀਤਾ। ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਨੂੰ ਗੁਰੂ ਘਰ ਵੱਲੋਂ ਕਕਾਰ ਮੁਫ਼ਤ ਭੇਟ ਕੀਤੇ ਗਏ। ਇਸ ਸਾਲਾਨਾ ਜੋੜ ਮੇਲੇ ਦੇ ਨਾਲ-ਨਾਲ ਬਾਬਾ ਨੰਦਾ ਸਪੋਰਟਸ ਕਲੱਬ ਔਲਖ ਵੱਲੋਂ ਦੋ ਰੋਜ਼ਾ ਕਬੱਡੀ ਕੱਪ ਟੂਰਨਾਮੈਂਟ ਵੀ ਵੱਡੇ ਪੱਧਰ ’ਤੇ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਤੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਤ ’ਚ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਮਹਿੰਦਰ ਸਿੰਘ ਔਲਖ ਵੱਲੋਂ ਵੱਖ-ਵੱਖ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਬਾਬਾ ਮਹਿੰਦਰ ਸਿੰਘ ਔਲਖ ਨੇ ਧਾਰਮਿਕ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਸੰਗਤਾਂ ਲਈ ਲੰਗਰ ਵੀ ਲਗਾਏ ਗਏ ਸਨ।