- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਲੀ ਚਾਇਲਡ ਸਕੂਲ ਛੋਹਣ ਵਿਖੇ ਸਲਾਨਾ ਸਮਾਰੋਹ 'ਸਾਂਝ ਰਿਸ਼ਤਿਆਂ ਦੀ' ਸ਼ਾਨੋ-ਸ਼ੌਕਤ ਨਾਲ ਸੰਪੰਨ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਬਾਰਡਰ ਏਰੀਏ ਦੇ ਕੰਢੇ ਵਸੇ ਪਿੰਡਾਂ ਦੇ ਬੱਚਿਆਂ ਨੂੰ ਵਿੱਦਿਆ ਮੁਹੱਈਆ ਕਰਵਾ ਰਹੇ ਹੋਲੀ ਚਾਇਲਡ ਸਕੂਲ ਛੋਹਣ ਵਿਖੇ ਮੈਨੇਜਰ ਸਿਸਟਰ ਦੀਪਿਕਾ ਅਤੇ ਪ੍ਰਿੰਸੀਪਲ ਸਿਸਟਰ ਸ਼ੈਰੀਨ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ ਸਾਲਾਨਾ ਸਮਾਰੋਹ ‘ਸਾਂਝ ਰਿਸ਼ਤਿਆਂ ਦੀ’ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਇਸ ਸਮਾਗਮ ਵਿੱਚ ਜਲੰਧਰ ਦੇ ਬਿਸ਼ਪ ਜੋਸ਼ ਸੇਬਾਸਟੀਅਨ ਮੁੱਖ ਮਹਿਮਾਨ ਅਤੇ ਬੀਐੱਸਐੱਫ ਦੇ ਟੂ ਆਈਸੀ ਮਨੋਜ ਕੁਮਾਰ ਰਾਏ 27 ਬਟਾਲੀਅਨ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਫਾਦਰ ਜੋਰਜੀ ਪੈਰਿਸ਼ ਪ੍ਰੀਸਟ, ਸਿਸਟਰ ਜੋਸ਼ਲੀ ਮੈਥਿਊ ਜ਼ੋਨਲ ਕੋਆਰਡੀਨੇਟਰ, ਸਿਸਟਰ ਦਿਵਿਆ ਕਨਵੀਨਰ, ਐਡਵੋਕੇਟ ਸੁਮਿਤ ਸਿਕਰੀ, ਵੱਖ-ਵੱਖ ਸਕੂਲਾਂ ਦੇ ਫਾਦਰ-ਸਿਸਟਰਜ਼, ਨੇੜਲੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਬਿਸ਼ਪ ਜੋਸ਼ ਸੇਬਾਸਟੀਅਨ ਵੱਲੋਂ ਹੋਲੀ ਚਾਈਲਡ ਸਕੂਲ ਦੇ ਪਿਛਲੇ ਸਾਲ ਆਈਸੀਐੱਸਈ ਬੋਰਡ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਵਿਦਿਆਰਥੀਆਂ ਅਰਸ਼ਦੀਪ ਕੌਰ, ਗੁਰਤਾਜ ਕੌਰ ਅਤੇ ਤਨਵੀਰ ਕੌਰ ਨੂੰ ਅਤੇ ਪੰਜਾਬੀ ਵਿਸ਼ੇ ਵਿੱਚ 100 ਵਿੱਚੋਂ 100 ਨੰਬਰ ਲੈਣ ਵਾਲੇ ਬੱਚਿਆਂ (ਅਰਸ਼ਦੀਪ ਕੌਰ, ਗੁਰਤਾਜ ਕੌਰ, ਤਨਵੀਰ ਕੌਰ, ਸੋਲੋਮਨ ਮਸੀਹ, ਤ੍ਰਿਪਤਪ੍ਰੀਤ ਕੌਰ, ਜੰਨਤ) ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਅਤੇ ਖਾਸ ਮਹਿਮਾਨ ਵੱਲੋਂ ਹੋਲੀ ਚਾਇਲਡ ਸਕੂਲ ਦੀ ਪਿਛਲੇ 13 ਸਾਲਾਂ ਵਿੱਚ ਹੋਈ ਤਰੱਕੀ ਦੀਆਂ ਬੁਲੰਦੀਆਂ ਨੂੰ ਸਲਾਹਿਆ ਗਿਆ ਅਤੇ ਆਉਣ ਵਾਲੇ ਸਾਲਾਂ ਵਿੱਚ ਵੀ ਨਵੀਆਂ ਪੁਲਾਂਘਾਂ ਪੁੱਟਣ ਅਤੇ ਕਾਮਯਾਬੀਆਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਹੋਲੀ ਚਾਇਲਡ ਸਕੂਲ ਦੇ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੇ ਬੱਚਿਆਂ ਵੱਲੋਂ ਅੱਜ ਦੇ ਟੈਕਨਾਲੋਜੀ ਵਾਲੇ ਯੁੱਗ ਵਿੱਚ ਵਾਈਫਾਈ, ਮੋਬਾਈਲ ਨਾਲ ਰੁੱਝੇ ਹਰ ਵਿਅਕਤੀ ਨੂੰ ਪੁਰਾਣੇ ਸਮਿਆਂ ਦੀ ਯਾਦ ਦਿਲਾਉਂਦੇ ਹੋਏ ਵਾਈਫਾਈ ਦੀ ਉਚਿਤ ਵਰਤੋਂ ਕਰਨ ਅਤੇ ਇਸ ਦੇ ਨਾਲ-ਨਾਲ ਆਪਣੇ ਰਿਸ਼ਤਿਆਂ ਅਤੇ ਸੰਬੰਧਾਂ ਨੂੰ ਮਹੱਤਤਾ ਦੇਣ ਲਈ ਪ੍ਰੇਰਿਤ ਕਰਦੇ ਹੋਏ ਸ਼ਾਨਦਾਰ ਪੇਸ਼ਕਾਰੀਆਂ ਨਾਚ, ਗਾਣਾ, ਨਾਟਕ, ਗਿੱਧਾ, ਭੰਗੜਾ, ਲੁੱਡੀ ਆਦਿ ਪੇਸ਼ ਕਰਕੇ ਸਭ ਦਾ ਮਨ ਜਿੱਤ ਲਿਆ ਗਿਆ। ਹੋਲੀ ਚਾਈਲਡ ਸਕੂਲ ਦੇ ਇਸ ਸਾਲਾਨਾ ਸਮਾਰੋਹ ਨੇ ਮੋਬਾਈਲ ਤੇ ਇਸ ਯੁੱਗ ਵਿੱਚ ਗਵਾਚ ਰਹੇ ਰਿਸ਼ਤਿਆਂ ਦੇ ਨਿੱਘ ਨੂੰ ਸੰਭਾਲਣ ਅਤੇ ਆਪਣੇ ਰਿਸ਼ਤਿਆਂ ਦੀ ਸਾਂਝ ਨੂੰ ਗੂੜ੍ਹਾ ਕਰਨ ਦਾ ਸੰਦੇਸ਼ ਦਿੰਦੇ ਹੋਏ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਹਰ ਇਨਸਾਨ ਦਾ ਮਨ ਮੋਹ ਲਿਆ।