ਐੱਸਐੱਸਪੀ ਦਫ਼ਤਰ ਗੁਰਦਾਸਪੁਰ ਮੂਹਰੇ 30 ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ 30 ਨਵੰਬਰ ਤੋਂ ਐੱਸਐੱਸਪੀ ਦਫ਼ਤਰ ਗੁਰਦਾਸਪੁਰ ਮੂਹਰੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ
Publish Date: Fri, 27 Nov 2026 04:22 PM (IST)
Updated Date: Sat, 28 Nov 2026 04:05 AM (IST)
ਜੀਆਰਪੀ- ਜਾਣਕਾਰੀ ਦਿੰਦੇ ਹੋਏ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ। ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ 30 ਨਵੰਬਰ ਤੋਂ ਐੱਸਐੱਸਪੀ ਦਫ਼ਤਰ ਗੁਰਦਾਸਪੁਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਹੈ। ਧਰਨੇ ਨੂੰ ਸਫ਼ਲ ਬਣਾਉਣ ਲਈ ਪਿੰਡ ਪਿੰਡ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਜਿਸ ਤਹਿਤ ਪਿੰਡ ਰਾਮਨਗਰ , ਮੀਰਪੁਰ ਸ਼ੇਰਪੁਰ ਅਤੇ ਪਾਹੜਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ ਮੀਟਿੰਗ ਦੀ ਅਗਵਾਈ ਇਫਟੂ ਦੇ ਸੂਬਾ ਆਗੂ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਜਰਨੈਲ ਸਿੰਘ, ਰਾਜ ਕੁਮਾਰ ਪੰਡੋਰੀ ਅਤੇ ਜੋਗਿੰਦਰ ਪਾਲ ਘੁਰਾਲਾ ਨੇ ਕੀਤੀ। ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾ ਮਾਮਲਾ ਘੁਰਾਲਾ ਵਾਸੀ ਸੋਮ ਲਾਲ ਨਾਲ ਸਬੰਧਤ ਹੈ, ਜਿਸ ਕੋਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਕਥਿਤ ਤੌਰ ’ਤੇ 14 ਲੱਖ ਰੁਪਏ ਦੀ ਠੱਗੀ ਮਾਰੀ ਗਈ। ਆਗੂਆਂ ਅਨੁਸਾਰ ਇਸ ਸਬੰਧੀ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ। ਦੂਜਾ ਮਾਮਲਾ ਪੰਡੋਰੀ ਮਹੰਤਾਂ ਦੀ ਇੱਕ ਨਾਬਾਲਗ ਲੜਕੀ ਨਾਲ ਸਬੰਧਤ ਦੱਸਿਆ ਗਿਆ। ਤੀਜਾ ਮਾਮਲਾ ਜਾਨਲੇਵਾ ਹਮਲੇ ਅਤੇ ਧੋਖਾਧੜੀ ਨਾਲ ਜੁੜਿਆ ਹੋਇਆ ਹੈ। ਆਗੂਆਂ ਅਨੁਸਾਰ ਨਵੰਬਰ 2025 ਵਿੱਚ ਜਹਾਜ਼ ਚੌਂਕ ਨੇੜੇ ਅਨੂਪ ਬਾਜਾਲਾ ’ਤੇ ਹੋਏ ਕਥਿਤ ਹਮਲੇ ਸਬੰਧੀ ਐੱਫਆਈਆਰ ਨੰਬਰ 264/25 ਦਰਜ ਹੈ, ਪਰ ਉਨ੍ਹਾਂ ਦਾ ਦੋਸ਼ ਹੈ ਕਿ ਅਜੇ ਤੱਕ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ, ਪੀੜਤ ਧਿਰ ਵੱਲੋਂ ਜਾਅਲੀ ਆਧਾਰ ਕਾਰਡ ਅਤੇ ਮੁਖਤਾਰਨਾਮੇ ਰਾਹੀਂ ਸਾਢੇ ਪੰਜ ਮਰਲੇ ਦਾ ਪਲਾਟ ਵੇਚਣ ਸਬੰਧੀ ਧੋਖਾਧੜੀ ਦਾ ਕੇਸ ਨੰਬਰ 222/26 ਦਰਜ ਹੋਣ ਦੀ ਗੱਲ ਵੀ ਕਹੀ ਗਈ। ਚੌਥਾ ਮਾਮਲਾ ਪਨਿਆੜ ਵਾਸੀ ਦੀਪਕ ਪੁੱਤਰ ਬੂਟਾ ਲਾਲ ਨਾਲ ਸਬੰਧਤ ਹੈ। ਆਗੂਆਂ ਨੇ ਦੱਸਿਆ ਕਿ ਉਸ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ 5.50 ਲੱਖ ਰੁਪਏ ਲਏ ਗਏ। ਇਸ ਸਬੰਧੀ ਸ਼ਿਕਾਇਤ ਦੇਣ ਦੇ ਬਾਵਜੂਦ ਛੇ ਮਹੀਨੇ ਬੀਤ ਜਾਣ ’ਤੇ ਵੀ ਕੋਈ ਠੋਸ ਕਾਰਵਾਈ ਨਾ ਹੋਣ ਦਾ ਦੋਸ਼ ਲਾਇਆ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਉਕਤ ਮਾਮਲਿਆਂ ਵਿੱਚ ਪੁਲਿਸ ਦੀ ਕਾਰਵਾਈ ਤਸੱਲੀਬਖ਼ਸ਼ ਨਹੀਂ ਰਹੀ ਅਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਵਿੱਚ ਹੋ ਰਹੀ ਦੇਰੀ ਕਾਰਨ ਪੀੜਤ ਪਰਿਵਾਰ ਇਨਸਾਫ਼ ਲਈ ਭਟਕ ਰਹੇ ਹਨ। ਆਗੂਆਂ ਨੇ ਐਲਾਨ ਕੀਤਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਸਬੰਧਤ ਮਾਮਲਿਆਂ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈ ਕੇ 30 ਨਵੰਬਰ ਤੋਂ ਐੱਸਐੱਸਪੀ ਦਫ਼ਤਰ ਗੁਰਦਾਸਪੁਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਜੋਤੀ ਲਾਲ, ਗੁਰਮੀਤ ਰਾਜ, ਮੇਲਾ ਰਾਮ, ਵਾਰਿਸ ਮਸੀਹ, ਸੁਰਿੰਦਰ ਪਾਲ, ਬਲਦੇਵ ਸਿੰਘ, ਸੰਪੂਰਨ ਚੰਦ, ਸੱਤ ਪਾਲ, ਕਮਾਲ ਚੰਦ ਅਤੇ ਬੋਧਰਾਜ ਤੋਂ ਇਲਾਵਾ ਹੋਰ ਸਾਥੀ ਹਾਜ਼ਰ ਸਨ।