ਖੰਡ ਮਿੱਲ ਮੁਕੇਰੀਆਂ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਕੱਲ੍ਹ 15 ਨਵੰਬਰ ਨੂੰ ਖੰਡ ਮਿੱਲ ਮੁਕੇਰੀਆਂ ਅੱਗੇ ਪਠਾਨਕੋਟ-ਜਲੰਧਰ ਹਾਈਵੇ 'ਤੇ ਲੱਗੇਗਾ ਅਣਮਿੱਥੇ ਸਮੇਂ ਲਈ ਧਰਨਾ
Publish Date: Fri, 13 Nov 2026 03:32 PM (IST)
Updated Date: Sat, 14 Nov 2026 04:00 AM (IST)
ਜੀਆਰਪੀ- ਪ੍ਰੈੱਸ ਕਾਰਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ। ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਸੰਯੁਕਤ ਗੰਨਾ ਸੰਘਰਸ਼ ਕਮੇਟੀ ਪੰਜਾਬ ਵੱਲੋਂ 15 ਨਵੰਬਰ ਨੂੰ ਮੁਕੇਰੀਆਂ ਖੰਡ ਮਿੱਲ ਅੱਗੇ ਦਿੱਤੇ ਜਾ ਰਹੇ ਧਰਨੇ ਸਬੰਧੀ ਗ੍ਰੀਨ ਬੈਰੀ ਰੈਸਟੋਰੈਂਟ ਬਟਾਲਾ ਰੋਡ ਗੁਰਦਾਸਪੁਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ, ਗੁਰਨਾਮ ਸਿੰਘ ਜਹਾਨਪੁਰ, ਉਂਕਾਰ ਸਿੰਘ ਭੰਘਲਾ, ਗੁਰਪ੍ਰਤਾਪ ਸਿੰਘ ਅਤੇ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ, ਜਿਸ ਕਾਰਨ ਦਿਨੋਂ-ਦਿਨ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਗੰਨਾ ਇਕ ਸਾਲ ਦੀ ਫਸਲ ਹੈ। ਪਹਿਲਾਂ ਤਾਂ ਕਿਸਾਨ ਮੋਟੀ ਰਕਮ ਖਰਚ ਕੇ ਗੰਨੇ ਦੀ ਫਸਲ ਪਾਲਦੇ ਹਨ, ਫਿਰ ਗੰਨੇ ਦੀ ਅਦਾਇਗੀ ਸਮੇਂ ਸਿਰ ਨਹੀਂ ਹੁੰਦੀ। ਸੂਬਾ ਸਰਕਾਰ ਨੇ ਗੰਨੇ ਦਾ ਲਾਹੇਵੰਦ ਭਾਅ ਦੇਣਾ ਤਾਂ ਦੂਰ, ਨਿਗੁਣੀ ਰਕਮ ਤੇ ਵੇਚੇ ਗਏ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਵੀ ਕਿਸਾਨਾਂ ਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਗੰਨੇ ਦਾ ਭਾਅ 776 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਗੰਨੇ ਦੀ ਬਕਾਇਆ ਰਾਸ਼ੀ ਸਮੇਤ 68 ਰੁਪਏ ਤੁਰੰਤ ਜਾਰੀ ਕੀਤੇ ਜਾਣ, 2025 ਵਿੱਚ ਹੜ੍ਹਾਂ ਦੌਰਾਨ ਦਰਿਆਈ ਖੇਤਰਾਂ ਵਿੱਚ ਗੰਨੇ ਦਾ ਭਾਰੀ ਨੁਕਸਾਨ ਹੋਇਆ, ਇਸ ਲਈ ਉਨ੍ਹਾਂ ਕਿਸਾਨਾਂ ਦੀ ਕੱਟੀ ਗਈ ਪਨੈਲਟੀ ਵਾਪਸ ਕੀਤੀ ਜਾਵੇ, ਗੰਨੇ ਦੀ ਪੂਰੀ ਅਦਾਇਗੀ 15 ਦਿਨਾਂ ’ਚ ਇਕ ਕਿਸ਼ਤ ’ਚ ਯਕੀਨੀ ਬਣਾਈ ਜਾਵੇ, ਖੰਡ ਮਿੱਲਾਂ ਸਮੇਂ ਸਿਰ ਚਲਾਈਆਂ ਜਾਣ ਤੇ ਗੰਨਾ ਵਿਕਾਸ ਕਮੇਟੀ ਦੀ ਤੁਰੰਤ ਮੀਟਿੰਗ ਬੁਲਾਈ ਜਾਵੇ। ਆਗੂਆਂ ਨੇ ਕਿਹਾ ਕਿ ਸੰਯੁਕਤ ਗੰਨਾ ਸੰਘਰਸ਼ ਕਮੇਟੀ ਪੰਜਾਬ ਵੱਲੋਂ 15 ਨਵੰਬਰ ਨੂੰ ਮੁਕੇਰੀਆਂ ਖੰਡ ਮਿੱਲ ਅੱਗੇ ਦਿੱਤਾ ਜਾਣ ਵਾਲਾ ਧਰਨਾ ਉਪਰੋਕਤ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਇਸ ਮੌਕੇ ਜਗਦੀਸ਼ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ, ਗੁਰਜੀਤ ਸਿੰਘ ਕਾਹਲੋ ਆਦਿ ਕਿਸਾਨ ਆਗੂ ਸ਼ਾਮਲ ਰਹੇ।