- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਂਹ ਦੀ ਕਿਣਮਿਣ 'ਚ ਵੋਟਰ ਆਪਣੀਆਂ ਵੋਟਾਂ ਦੀ ਸੁਧਾਈ ਲਈ ਬੂਥਾਂ ’ਤੇ ਪੁੱਜੇ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਮੁੱਖ ਚੋਣ ਅਧਿਕਾਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਨਿਚਰਵਾਰ ਨੂੰ ਐੱਸਆਈਆਰ ਤਹਿਤ ਵੋਟਾਂ ਦੀ ਸੋਧ ਲਈ ਪੋਲਿੰਗ ਬੂਥਾਂ ਤੇ ਬੀਐੱਲਓ ਵੱਲੋਂ ਲਗਾਏ ਗਏ ਕੈਂਪਾਂ ਵਿੱਚ ਵੋਟਰ ਆਪਣੀਆਂ ਵੋਟਾਂ ਦੀ ਸੁਧਾਈ ਲਈ ਮੀਂਹ ਦੀ ਕਿਣਮਿਣ ਦੌਰਾਨ ਪੁੱਜੇ ਅਤੇ ਵੋਟਰਾਂ ਵੱਲੋਂ ਆਪਣੀਆਂ ਵੋਟ ਲਿਸਟਾਂ ਵੇਖਣ ਉਪਰੰਤ ਆਈਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਬੀਐੱਲਓ ਨੂੰ ਦਸਤਾਵੇਜ਼ ਮੁਹੱਈਆ ਕਰਵਾਏ ਗਏ। ਸ਼ਨਿਚਰਵਾਰ ਨੂੰ ਬਲਾਕ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਸਕੂਲਾਂ ਵਿੱਚ ਬਣੇ ਪੋਲਿੰਗ ਬੂਥਾਂ ਤੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਬੀਐੱਲਓ ਵੱਲੋਂ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਬੂਥਾਂ ਤੇ ਵੋਟ ਲਿਸਟਾਂ ਵੇਖਣ ਆਏ ਤਰਸੇਮ ਰਾਜ, ਕੁਲਵੰਤ ਕੌਰ, ਸੁਖਵਿੰਦਰ ਸਿੰਘ, ਪ੍ਰੇਮ ਕੁਮਾਰ ਆਦਿ ਵੋਟਰਾਂ ਨੇ ਦੱਸਿਆ ਚੋਣ ਕਮਿਸ਼ਨ ਦੇ ਆਦੇਸ਼ਾਂ ਤਹਿਤ ਬੂਥਾਂ ਤੇ ਲਗਾਏ ਗਏ ਕੈਂਪ ਵਿੱਚ ਉਹ ਆਪਣੀਆਂ ਵੋਟਾਂ ਚੈੱਕ ਕਰਨ ਲਈ ਆਏ ਹਨ। ਇਸ ਮੌਕੇ ਕੁਲਵੰਤ ਕੌਰ ਨੇ ਦੱਸਿਆ ਕਿ ਮੇਰੀ ਵੋਟ ਲਿਸਟ ਵਿੱਚ ਮੇਰੀ ਜਨਮ ਮਿਤੀ ਗਲਤ ਹੋਣ ਸਬੰਧੀ ਪਤਾ ਲੱਗਣ ਤੇ ਉਹਨਾਂ ਵੱਲੋਂ ਆਪਣੇ ਜਨਮ ਦੇ ਸਬੰਧੀ ਦਸਤਾਵੇਜ਼ ਸੰਬੰਧਿਤ ਬੀਐੱਲਓ ਨੂੰ ਜਮ੍ਹਾ ਕਰਵਾ ਦਿੱਤੇ ਗਏ ਹਨ ਜਿੱਥੇ ਉਹਨਾਂ ਭਰੋਸਾ ਦਿੱਤਾ ਹੈ ਕਿ ਆਉਣ ਵਾਲੀ ਲਿਸਟ ਵਿੱਚ ਵੋਟ ਲਿਸਟ ਵਿੱਚ ਗਲਤ ਜਨਮ ਤਰੀਕ ਨੂੰ ਠੀਕ ਕਰ ਦਿੱਤਾ ਜਾਵੇਗਾ। ਇਸ ਮੌਕੇ ਪੋਲਿੰਗ ਸਟੇਸ਼ਨਾਂ ਤੇ ਬੈਠੇ ਬੀਐੱਲਓ ਨੇ ਦੱਸਿਆ ਕਿ ਇਸ ਵੋਟ ਸੁਧਾਈ ਕੈਂਪ ਵਿੱਚ ਨਵੀਂ ਵੋਟ ਬਣਾਉਣ ਵਾਲੇ ਵੋਟਰਾਂ ਤੋਂ ਇਲਾਵਾ ਜਿੰਨਾਂ ਵੋਟਰ ਦੇ ਨਾਮ, ਜਨਮ ਮਿਤੀ ਜਾਂ ਹੋਰ ਤਰੁੱਟੀ ਹੈ, ਉਨ੍ਹਾਂ ਵੱਲੋਂ ਤਰੁੱਟੀ ਨੂੰ ਦੂਰ ਕਰਨ ਲਈ ਸਬੰਧਤ ਦਸਤਾਵੇਜ਼ ਬੀਐੱਲਓ ਨੂੰ ਜਮ੍ਹਾ ਕਰਵਾਏ ਗਏ ਹਨ ਅਤੇ ਇਹਨਾਂ ਵੋਟਰਾਂ ਦੀਆਂ ਤਰੁੱਟੀਆਂ ਨੂੰ ਠੀਕ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਬੂਥਾਂ ਤੇ ਆਏ ਵੋਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਬੀਐੱਲਓ ਵੱਲੋਂ ਉਹਨਾਂ ਦਾ ਪੂਰਾ ਸਹਿਯੋਗ ਕੀਤਾ ਗਿਆ ਹੈ।