- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰਨਾਥ ਯਾਤਰਾ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਸੁਜਾਨਪੁਰ ਨੇੜੇ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਇੱਕ ਤੇਜ਼ ਰਫ਼ਤਾਰ ਟਰਾਲੇ ਵੱਲੋਂ ਸਾਈਡ ਮਾਰ ਦੇਣ ਕਾਰਨ ਇੱਕ ਯਾਤਰੀ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਉਪਰੰਤ ਟਰਾਲਾ ਕਬਜ਼ੇ ਵਿੱਚ ਲੈ ਕੇ ਉਸ ਦੇ ਚਾਲਕ ਵਿਰੁੱਧ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।

ਆਰ.ਸਿੰਘ, ਪੰਜਾਬੀ ਜਾਗਰਣ, ਸੁਜਾਨਪੁਰ/ਪਠਾਨਕੋਟ - ਅਮਰਨਾਥ ਯਾਤਰਾ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਸੁਜਾਨਪੁਰ ਨੇੜੇ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਇੱਕ ਤੇਜ਼ ਰਫ਼ਤਾਰ ਟਰਾਲੇ ਵੱਲੋਂ ਸਾਈਡ ਮਾਰ ਦੇਣ ਕਾਰਨ ਇੱਕ ਯਾਤਰੀ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਉਪਰੰਤ ਟਰਾਲਾ ਕਬਜ਼ੇ ਵਿੱਚ ਲੈ ਕੇ ਉਸ ਦੇ ਚਾਲਕ ਵਿਰੁੱਧ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਮਾਨਸਰੋਵਰ ਕਾਲੋਨੀ, ਕਵੀ ਨਗਰ ਦੇ ਰਹਿਣ ਵਾਲੇ ਰਵਿੰਦਰ ਯਾਦਵ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਦੋਸਤ ਅੰਸ਼ੁਲ ਗਹਿਲੋਤ ਸਮੇਤ ਯੂਪੀ ਨੰਬਰ ਦੀ ਬੱਸ ਵਿੱਚ ਸਵਾਰ ਸੀ, ਜਿਸ ਨੂੰ ਪ੍ਰੇਮ ਯਾਦਵ ਚਲਾ ਰਿਹਾ ਸੀ। ਸਾਰੇ ਸ਼ਰਧਾਲੂ ਅਮਰਨਾਥ ਯਾਤਰਾ ਪੂਰੀ ਕਰਕੇ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸਨ।
ਸ਼ਿਕਾਇਤਕਰਤਾ ਅਨੁਸਾਰ ਜਦੋਂ ਬੱਸ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਸੁਜਾਨਪੁਰ ਰੇਲਵੇ ਓਵਰਬ੍ਰਿਜ ਪਾਰ ਕਰ ਚੁੱਕੀ ਸੀ ਤਾਂ ਸਾਹਮਣੇ ਪਾਸੇ ਤੋਂ ਆ ਰਹੇ ਇੱਕ ਟਰਾਲੇ ਨੇ ਕਥਿਤ ਤੌਰ 'ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦਿਆਂ ਬੱਸ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦੇ ਸ਼ੀਸ਼ੇ ਟੁੱਟ ਗਏ ਅਤੇ ਪਿਛਲੀ ਸੀਟ 'ਤੇ ਬੈਠਾ ਅੰਸ਼ੁਲ ਗਹਿਲੋਤ ਖਿੜਕੀ ਰਾਹੀਂ ਬਾਹਰ ਜਾ ਡਿੱਗਿਆ। ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ।
ਜ਼ਖ਼ਮੀ ਅੰਸ਼ੁਲ ਗਹਿਲੋਤ ਨੂੰ ਤੁਰੰਤ ਇਲਾਜ ਲਈ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਸੁਜਾਨਪੁਰ ਥਾਣੇ ਦੇ ਏਐਸਆਈ ਬੋਧਰਾਜ ਨੇ ਦੱਸਿਆ ਕਿ ਪੁਲਿਸ ਨੇ ਹਾਦਸਾਗ੍ਰਸਤ ਟਰਾਲਾ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸਬੰਧੀ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਜਮਸਾਰ ਵਾਸੀ ਇਕਵਾਲ ਸ਼ਾਹ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਮੌਤ ਹੋਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।