- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਤੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੁੜ ਉਮੀਦਵਾਰ ਐਲਾਨਿਆ

ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਪੰਜਾਬ ਵਿੱਚ ਚੋਣਾਂ ਦਾ ਬਿਗਲ ਵੱਜ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਆਪਣੇ 40 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਲਿਸਟ ’ਚ ਹਲਕਾ ਬਟਾਲਾ ਦੇ ਮੌਜੂਦਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੁੜ ਟਿਕਟ ਦੇ ਕੇ ਥਾਪੜਾ ਦਿੱਤਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਹਲਕਾ ਬਟਾਲਾ ਤੋਂ 2022 ’ਚ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਚੋਣ ਲੜੀ ਸੀ ਅਤੇ ਉਹ ਆਪਣੇ ਵਿਰੋਧੀਆਂ ਨੂੰ ਹਰਾ ਕੇ 28472 ਵੋਟਾਂ ਦੀ ਫਰਕ ਨਾਲ ਜੇਤੂ ਰਹੇ ਸਨ। ਸਿਆਸਤ ’ਚ ਆਉਣ ਤੋਂ ਪਹਿਲਾਂ ਸ਼ੈਰੀ ਕਲਸੀ ਇੱਕ ਫਿਜੀਓਥੈਰੇਪਿਸਟ ਅਤੇ ਸਮਾਜ ਸੇਵਕ ਵਜੋਂ ਲੋਕਾਂ ’ਚ ਵਿਚਰਦੇ ਸਨ ਅਤੇ 2015 ’ਚ ਆਮ ਆਦਮੀ ਪਾਰਟੀ ਨਾਲ ਜੁੜ ਗਏ ਅਤੇ ਰਾਜਨੀਤਿਕ ਸਫਰ ਸ਼ੁਰੂ ਕੀਤਾ ਅਤੇ ਅੱਗੇ ਵੱਧਦੇ ਗਏ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ 2024 ’ਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਲੜੀ ਸੀ ਅਤੇ ਉਸ ਤੋਂ ਬਾਅਦ 2024 ’ਚ ਪਾਰਟੀ ਨੇ ਸ਼ੈਰੀ ਕਲਸੀ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਉਸ ਨੂੰ ਆਮ ਆਦਮੀ ਪਾਰਟੀ ਦਾ ਸੂਬਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਸੀ। 38 ਸਾਲਾ ਵਿਧਾਇਕ ਸ਼ੈਰੀ ਕਲਸੀ ਨੇ ਹਲਕਾ ਬਟਾਲਾ ਅੰਦਰ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰ ਕੇ ਮੀਲ ਪੱਥਰ ਗੱਡੇ ਹਨ। ਲੋਕਾਂ ’ਚ ਜਨ ਆਧਾਰ ਰੱਖਣ ਵਾਲੇ ਸ਼ੈਰੀ ਕਲਸੀ ਸੂਬੇ ’ਚ ਵੀ ਪਾਰਟੀ ਦੀਆਂ ਸਰਗਰਮੀਆਂ ’ਚ ਅੱਗੇ ਹੋ ਕੇ ਵਿਚਰਦੇ ਹਨ। ਸ਼ੈਰੀ ਕਲਸੀ ਦੀ ਅਗਵਾਈ ਹੇਠ ਕੁਝ ਸਮਾਂ ਪਹਿਲਾਂ ਹੋਈਆਂ ਨਗਰ ਨਿਗਮ ਚੋਣਾਂ ’ਚ ਵੀ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਸੀ ਅਤੇ ਬਟਾਲਾ ’ਚ ਨਗਰ ਨਿਗਮ ’ਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ਪਿੱਛੇ ਸ਼ਹਿਰੀ ਕਲਸੀ ਦਾ ਵੱਡਾ ਯੋਗਦਾਨ ਸੀ। ਦੂਰਅੰਦੇਸ਼ੀ ਅਤੇ ਦ੍ਰਿੜ ਸੋਚ ਦੇ ਨਾਲ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਵਿਧਾਇਕ ਸ਼ੈਰੀ ਕਲਸੀ 2027 ’ਚ ਬਟਾਲਾ ਵਿਧਾਨ ਸਭਾ ਹਲਕਾ ਦੀ ਚੋਣ ਲੜਨ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਦੂਜੀ ਵਾਰ ਲੋਕਾਂ ਦੀ ਸੇਵਾ ਕਰਨ ਲਈ ਮੁੜ ਵਿਧਾਇਕ ਬਣਨਗੇ। ਵਿਧਾਇਕ ਸ਼ੈਰੀ ਕਲਸੀ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।