ਬੀਐੱਸਐੱਨਐੱਲ ਪੈਨਸ਼ਨਰਾਂ ਦਾ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਆਲ ਇੰਡੀਆ ਬੀਐੱਸਐੱਨਐੱਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
Publish Date: Thu, 08 Oct 2026 02:47 PM (IST)
Updated Date: Thu, 08 Oct 2026 02:50 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ਆਲ ਇੰਡੀਆ ਬੀਐੱਸਐੱਨਐੱਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਾਮਰੇਡ ਹਰਜਿੰਦਰ ਲਾਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੈਨਸ਼ਨਰਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੈਨਸ਼ਨਰਾਂ ਨੂੰ ਮਿਲਣ ਵਾਲਾ ਮੈਡੀਕਲ ਭੱਤਾ ਬੰਦ ਕਰਨ ਦੇ ਫ਼ੈਸਲੇ ’ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਐਸੋਸੀਏਸ਼ਨ ਦੇ ਸਕੱਤਰ ਕੇਐੱਸ ਗਿੱਲ ਨੇ ਜਥੇਬੰਦੀ ਦੀਆਂ ਗਤੀਵਿਧੀਆਂ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੇ ਹੱਕਾਂ ਅਤੇ ਉਨ੍ਹਾਂ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਐਸੋਸੀਏਸ਼ਨ ਵੱਲੋਂ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੈਨਸ਼ਨਰਾਂ ਦਾ ਮੈਡੀਕਲ ਭੱਤਾ ਬੰਦ ਕਰਨ ਦੇ ਫ਼ੈਸਲੇ ਦੀ ਨਿੰਦਾ ਕੀਤੀ।ਇਸ ਮੌਕੇ ਕਾਮਰੇਡ ਹਰਜਿੰਦਰ ਲਾਲ ਨੇ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਮਿਲਣ ਵਾਲਾ ਮੈਡੀਕਲ ਭੱਤਾ ਬੰਦ ਕਰਨਾ ਪੈਨਸ਼ਨਰ ਵਰਗ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਸਰਕਾਰ ਦੇ ਇਸ ਫ਼ੈਸਲੇ ਨੂੰ ‘ਨਾਦਰਸ਼ਾਹੀ ਫ਼ਰਮਾਨ’ ਕਰਾਰ ਦਿੰਦਿਆਂ ਕਿਹਾ ਕਿ ਪੈਨਸ਼ਨਰਾਂ ਨੇ ਆਪਣੀ ਨੌਕਰੀ ਦੌਰਾਨ ਦੇਸ਼ ਅਤੇ ਵਿਭਾਗ ਦੀ ਸੇਵਾ ਕੀਤੀ ਹੈ ਅਤੇ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀਆਂ ਜਾਇਜ਼ ਸਹੂਲਤਾਂ ਨੂੰ ਖੋਹਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਵਧਦੀ ਉਮਰ ਵਿੱਚ ਪੈਨਸ਼ਨਰਾਂ ਲਈ ਸਿਹਤ ਸਹੂਲਤਾਂ ਬੇਹੱਦ ਮਹੱਤਵਪੂਰਨ ਹਨ। ਇਸ ਲਈ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਮੈਡੀਕਲ ਭੱਤਾ ਬੰਦ ਕਰਨ ਦਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ, ਉਦੋਂ ਤੱਕ ਐਸੋਸੀਏਸ਼ਨ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪੈਨਸ਼ਨਰਾਂ ਦੇ ਹੱਕਾਂ ਦੀ ਰਾਖੀ ਲਈ ਜਥੇਬੰਦੀ ਇਕਜੁੱਟ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ।ਇਸ ਮੌਕੇ ਰਮੇਸ਼ ਗੁਪਤਾ, ਵਿਜੇ ਚੋਪੜਾ, ਤਰਸੇਮ ਮਸੀਹ, ਰਣਜੀਤ ਸਿੰਘ, ਜਗਤਾਰ ਸਿੰਘ, ਬਲਰਾਜ, ਦੇਸਰਾਜ, ਬਾਊ ਅਸ਼ਵਨੀ ਕੁਮਾਰ, ਬਲਬੀਰ ਸੰਧੂ, ਮੇਹਰ ਸਿੰਘ, ਸੁਖਦੇਵ ਸੋਹੀ, ਧਰਮ ਸਿੰਘ, ਰੂਪ ਲਾਲ, ਬਲਵਿੰਦਰ ਸਿੰਘ, ਰਤਨ ਸਿੰਘ, ਨਿਰਮਲ ਸਿੰਘ, ਦੀਵਾਰ ਸਿੰਘ, ਜਰਨੈਲ ਸਿੰਘ, ਗੁਰਮੁਖ ਸਿੰਘ, ਸੁੱਚਾ ਸਿੰਘ, ਕਸ਼ਮੀਰ ਸਿੰਘ, ਨਿਰਮਲ ਸਿੰਘ, ਮਦਨ ਲਾਲ ਸਮੇਤ ਹੋਰ ਪੈਨਸ਼ਨਰ ਹਾਜ਼ਰ ਸਨ।