ਪਾਣੀ ਦੇ ਸੋਮੇ ਨੂੰ ਬਚਾਉਣ ਲਈ ਮੱਕੀ ਦੀ ਕਾਸ਼ਤ ਹੇਠ ਰਕਬਾ ਵਧਾਉਣ ਲਈ ਖੇਤੀਬਾੜੀ ਵਿਭਾਗ ਪੱਬਾਂ ਭਾਰ
ਦਿਨੋਂ ਦਿਨ ਪਾਣੀ ਦੇ ਘੱਟ ਰਹੇ ਪੱਧਰ ਤੋਂ ਚਿੰਤਤ ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਵਿਕਸਤ ਕ੍ਰਿਸ਼ੀ ਸੰਕਲਪ ਅਭਿਆਨ ਅਤੇ ਸਾਉਣੀ ਮੱਕੀ ਹੇਠ ਰਕਬਾ ਵਧਾਉਣ ਲਈ ਪੱਬਾਂ ਭਾਰ ਹੋਏ ਖੇਤੀਬਾੜੀ ਵਿਭਾਗ ਵੱਲੋਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ 2 ਹਜ਼ਾਰ ਏਕੜ ਰਕਬੇ ਵਿੱਚ ਮੱਕੀ ਦੀ ਬਿਜਾਈ ਕਰਨ ਦਾ ਟੀਚਾ ਮਿਥਿਆ ਹੋਇਆ ਹੈ।
Publish Date: Wed, 01 Jul 2026 09:10 AM (IST)
Updated Date: Wed, 01 Jul 2026 09:14 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਦਿਨੋਂ ਦਿਨ ਪਾਣੀ ਦੇ ਘੱਟ ਰਹੇ ਪੱਧਰ ਤੋਂ ਚਿੰਤਤ ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਵਿਕਸਤ ਕ੍ਰਿਸ਼ੀ ਸੰਕਲਪ ਅਭਿਆਨ ਅਤੇ ਸਾਉਣੀ ਮੱਕੀ ਹੇਠ ਰਕਬਾ ਵਧਾਉਣ ਲਈ ਪੱਬਾਂ ਭਾਰ ਹੋਏ ਖੇਤੀਬਾੜੀ ਵਿਭਾਗ ਵੱਲੋਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ 2 ਹਜ਼ਾਰ ਏਕੜ ਰਕਬੇ ਵਿੱਚ ਮੱਕੀ ਦੀ ਬਿਜਾਈ ਕਰਨ ਦਾ ਟੀਚਾ ਮਿਥਿਆ ਹੋਇਆ ਹੈ।
ਝੋਨੇ ਦੀ ਥਾਂ ’ਤੇ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 7 ਹਜ਼ਾਰ ਅਤੇ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਵਜੋਂ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਮੱਕੀ ਦੀ ਬਿਜਾਈ ਤੋਂ ਮੂੰਹ ਮੋੜਿਆ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਗੁਰਦਾਸਪੁਰ ਵਿੱਚ ਇਸ ਵਾਰ 1.70 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਦਾ ਟੀਚਾ ਹੈ ।
ਝੋਨੇ ਦੀ ਕਾਸ਼ਤ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਾਰਨ ਭਵਿੱਖ ਵਿੱਚ ਖੇਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਖਦਸ਼ੇ ਨੂੰ ਲੈ ਕੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਵਿਚ ਝੋਨੇ ਦੀ ਰਕਬੇ ਨੂੰ ਘੱਟ ਕਰਦਿਆਂ ਹੋਇਆਂ 2 ਹਜ਼ਾਰ ਏਕੜ ਜਮੀਨ ਵਿੱਚ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਮੱਕੀ ਦੀ ਖਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਮੱਕੀ ਦੀ ਖਰੀਦ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਮੱਕੀ ਦੀ ਖਰੀਦ ਘੱਟ-ਘੱਟ ਸਮਰਥਨ ਮੁੱਲ ’ਤੇ ਕਰਨ ਨੂੰ ਯਕੀਨੀ ਬਣਾਏਗੀ। ਝੋਨੇ ਦੀ ਬਿਜਾਈ ਦੀ ਥਾਂ ’ਤੇ ਮੱਕੀ ਦੀ ਬਿਜਾਈ ਕਰ ਰਹੇ ਕਿਸਾਨ ਅੰਮ੍ਰਿਤਪਾਲ ਸਿੰਘ ਕਾਹਲੋਂ ਵਡਾਲਾ ਬਾਂਗਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਪ੍ਰੇਰਿਤ ਕਰਨ ’ਤੇ ਇਸ ਵਾਰ ਝੋਨੇ ਦੀ ਬਿਜਾਈ ਦੀ ਥਾਂ ’ਤੇ ਕਵੇਰੀ ਮੱਕੀ ਦੀ ਬਿਜਾਈ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਸਲਾਹ ਦੇ 25 ਮਈ ਤੋਂ ਲੈ ਕੇ 29 ਜੂਨ ਤੱਕ ਮੱਕੀ ਦੀ ਬਿਜਾਈ ਜਦਕਿ ਅਗਸਤ ਦੇ ਪਹਿਲੇ ਹਫਤੇ ਤੱਕ ਵੀ ਮੱਕੀ ਦੀ ਬਿਜਾਈ ਕੀਤੀ ਜਾ ਸਕਦੀ। ਅੰਮ੍ਰਿਤ ਪਾਲ ਨੇ ਦੱਸਿਆ ਕਿ ਏਕੜ ਰਕਬੇ ’ਚ 33 ਹਜ਼ਾਰ ਦੇ ਕਰੀਬ ਬੂਟੇ ਕਤਾਰ ਤੋਂ 60 ਸੈਂਟੀਮੀਟਰ ਦੇ ਫਰਕ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 20 ਸੈਂਟੀਮੀਟਰ ਵੱਟਾਂ ’ਤੇ ਬਿਜਾਈ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬਿਜਾਈ ਕੀਤੀ ਗਈ ਮੱਕੀ ਦਾ ਪੁੰਗਾਰਾ ਵਧੀਆ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਮੱਕੀ ਦੀ ਫ਼ਸਲ ਮੁਰਗੀਆਂ ਦੇ ਦਾਣੇ, ਪਸ਼ੂਆਂ ਦਾ ਚਾਰਾ, ਪਸ਼ੂਆਂ ਦਾ ਲਈ ਅਚਾਰ, ਮੱਕੀ ਦਾ ਆਟਾ, ਮੱਕੀ ਦਾ ਬੀਜ ਆਦਿ ਵਰਤੋਂ ਵਿੱਚ ਆਉਂਦਾ ਹੈ। ਅੰਮ੍ਰਿਤਪਾਲ ਨੇ ਦੱਸਿਆ ਕਿ ਮੱਕੀ ਦੀ ਖੇਤੀ ਨੂੰ ਪਾਣੀ ਘੱਟ ਲੱਗਦਾ ਹੈ ਜਦਕਿ ਝੋਨੇ ਦੀ ਖੇਤੀ ਨੂੰ ਪਾਣੀ ਵਧੇਰੇ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੱਕੀ ਦਾ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਸਬਸਿਡੀ ਨਾਲੋਂ ਨਾਲ ਦੇਣ ਤੋਂ ਇਲਾਵਾ ਮੱਕੀ ਅਤੇ ਐੱਮ.ਐੱਸ.ਪੀ. ਨਿਰਧਾਰਤ ਕਰਨੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾਕਟਰ ਸ਼ਾਹਬਾਜ਼ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 2 ਹਜ਼ਾਰ ਏਕੜ ਰਕਬੇ ਵਿੱਚ ਮੱਕੀ ਦੀ ਬਿਜਾਈ ਕਰਨ ਦਾ ਟੀਚਾ ਹੈ ਜਦ ਕਿ ਹੁਣ ਤੱਕ 1400 ਏਕੜ ਦੇ ਕਰੀਬ ਮੱਕੀ ਦੀ ਬਿਜਾਈ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਥਾਂ ’ਤੇ ਮੱਕੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਾਉਣੀ ਰੁੱਤ ਵਾਲੀ ਮੱਕੀ ਦੀ ਕਾਸ਼ਤ ਕਰਨਗੇ, ਉਨ੍ਹਾਂ ਨੂੰ ਪ੍ਰਤੀ ਹੈਕਟੇਅਰ 17500 ਅਤੇ ਪ੍ਰਤੀ ਏਕੜ 7 ਹਜ਼ਾਰ ਰੁਪਏ ਬਤੌਰ ਪ੍ਰੋਤਸਾਹਨ ਰਾਸ਼ੀ ਵਜੋਂ ਸਿੱਧੇ ਬੈਂਕ ਖਾਤਿਆਂ ’ਚ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਿੰਨਾਂ ਕਿਸਾਨਾਂ ਵੱਲੋਂ ਮੱਕੀ ਦੀ ਬਿਜਾਈ ਕੀਤੀ ਗਈ ਸੀ ਉਨ੍ਹਾਂ ਨੂੰ ਦੂਸਰੀ ਕਿਸ਼ਤ ਦੀ ਰਾਸ਼ੀ ਵੀ ਜਲਦ ਖਾਤਿਆਂ ’ਚ ਪਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਇਥਾਨੌਲ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ ਅਤੇ ਇਥਾਨੌਲ ਮੱਕੀ ਜਾਂ ਚੌਲਾਂ ਦੇ ਟੋਟੇ ਤੋਂ ਹੀ ਬਣਾਇਆ ਜਾਂਦਾ ਹੈ। ਇਸ ਲਈ ਮੱਕੀ ਦੀ ਮੰਗ ਨੂੰ ਪੂਰਿਆ ਕਰਨ ਲਈ ਮੱਕੀ ਹੇਠ ਰਕਬਾ ਵਧਾਉਣ ਦੀ ਜ਼ਰੂਰਤ ਹੈ।
ਪਿਛਲੇ ਸਾਲ ਬਿਜਾਈ ਕੀਤੀ ਮੱਕੀ ਦੀ ਖਾਤਿਆਂ ’ਚ ਪਾਈ ਜਾਵੇ ਸਬਸਿਡੀ : ਕਾਸ਼ਤਕਾਰ ਪਰਗਣ ਸਿੰਘ ਭੰਡਵਾਂ
ਖੇਤੀਬਾੜੀ ਬਲਾਕ ਕਲਾਨੌਰ ਨਾਲ ਸੰਬੰਧਿਤ ਪਿੰਡ ਭੰਡਵਾਂ ਦੇ ਕਿਸਾਨ ਅਤੇ ਮੱਕੀ ਕਾਸ਼ਤਕਾਰ ਪਰਗਣ ਸਿੰਘ ਭੰਡਵਾਂ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਵੱਲੋਂ ਆਪਣੀ ਜ਼ਮੀਨ ਵਿੱਚ ਖੇਤੀਬਾੜੀ ਵਿਭਾਗ ਦੀ ਸਲਾਹ ’ਤੇ ਮੱਕੀ ਦੀ ਕਾਸ਼ਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੱਕੀ ਦੇ ਕਾਸ਼ਤ ਕਾਰਨ ਉਪਰੰਤ ਸਬੰਧਿਤ ਖੇਤੀਬਾੜੀ ਵਿਭਾਗ ਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਮੱਕੀ ਦੀ ਕਾਸ਼ਤ ਦੀ ਸਬਸਿਡੀ ਦੇਣ ਲਈ ਕਾਗਜ਼ ਭਰੇ ਸਨ ਪਰ ਅਜੇ ਤੱਕ ਵੀ ਉਨ੍ਹਾਂ ਨੂੰ ਪਿਛਲੇ ਸਾਲ ਦੀ ਸਬਸਿਡੀ ਪ੍ਰਾਪਤ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਮਾਹਰਾਂ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਨ੍ਹਾਂ ਦੇ ਖਾਤਿਆਂ ਵਿੱਚ ਰਾਸ਼ੀ ਪਾ ਦਿੱਤੀ ਜਾਵੇ। ਪਰਗਣ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਿਛਲੇ ਸਮੇਂ ਦੀ ਬਿਜਾਈ ਕੀਤੀ ਮੱਕੀ ਦੀ ਸਬਸਿਡੀ ਉਨ੍ਹਾਂ ਦੇ ਖਾਤਿਆਂ ’ਚ ਪਾਈ ਜਾਵੇ ਤਾਂ ਜੋ ਕਿਸਾਨ ਆਉਣ ਵਾਲੇ ਸਮੇਂ ’ਚ ਮੱਕੀ ਦੀ ਕਾਸ਼ਤ ਨੂੰ ਯਕੀਨੀ ਬਣਾਉਣ।