- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਦਿਨਾਂ ਦੀ ਰਾਹਤ ਮਗਰੋਂ ਗਰਮੀ ਫਿਰ ਵਧੀ, ਪਾਰਾ 37 ਡਿਗਰੀ ਪਾਰ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਪਿਛਲੇ ਦੋ ਦਿਨ ਹੋਈ ਹਲਕੀ ਵਰਖਾ ਅਤੇ ਠੰਡੀਆਂ ਹਵਾਵਾਂ ਨੇ ਜਿੱਥੇ ਆਮ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਦਿੱਤੀ ਸੀ, ਉੱਥੇ ਹੀ ਵੀਰਵਾਰ ਨੂੰ ਮੌਸਮ ਨੇ ਇਕ ਵਾਰ ਫਿਰ ਕਰਵਟ ਬਦਲ ਲਈ। ਅੱਤ ਦੀ ਗਰਮੀ ਨੇ ਇਕ ਵਾਰ ਫਿਰ ਦਸਤਕ ਦੇ ਦਿੱਤੀ ਹੈ ਜਿਸ ਕਾਰਨ ਲੋਕਾਂ ਨੂੰ ਫਿਰ ਤੋਂ ਹੁੰਮਸ ਅਤੇ ਤਪਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਾ ਇਕ ਵਾਰ ਫਿਰ ਚੜ੍ਹਨਾ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ’ਤੇ ਸਥਿਰ ਸੀ, ਪਰ ਵੀਰਵਾਰ ਨੂੰ ਇਸ ਵਿੱਚ ਇਕ ਡਿਗਰੀ ਦਾ ਵਾਧਾ ਹੋਇਆ ਅਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਉੱਥੇ ਹੀ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ’ਤੇ ਬਣਿਆ ਹੋਇਆ ਹੈ। ਇਸ ਮਾਮੂਲੀ ਵਾਧੇ ਨੇ ਹੀ ਲੋਕਾਂ ਨੂੰ ਬੇਚੈਨ ਕਰ ਦਿੱਤਾ ਹੈ। ਦਿਨ ਵਿੱਚ ਤਾਂ ਗਰਮੀ ਤੋਂ ਬਚਣ ਦਾ ਕੋਈ ਟਿਕਾਣਾ ਨਹੀਂ ਹੈ ਉੱਥੇ ਹੀ ਰਾਤ ਦੇ ਸਮੇਂ ਵੀ ਤਾਪਮਾਨ ਵਿੱਚ ਗਿਰਾਵਟ ਨਾ ਹੋਣ ਕਾਰਨ ਲੋਕਾਂ ਨੂੰ ਭਰਪੂਰ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਰਾਤ ਦੀ ਠੰਡਕ ਗਾਇਬ ਹੋ ਗਈ ਹੈ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਦੇ ਆਸਪਾਸ ਬਣੇ ਰਹਿਣ ਕਾਰਨ ਰਾਤ ਨੂੰ ਵੀ ਬੇਚੈਨੀ ਮਹਿਸੂਸ ਹੋ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਇਸ ਸਮੇਂ ਪੱਛਮੀ ਗੜਬੜੀ ਦੇ ਕਮਜ਼ੋਰ ਪੈਣ ਅਤੇ ਸਥਾਨਕ ਹਵਾਵਾਂ ਦੇ ਬਦਲਣ ਕਾਰਨ ਤਾਪਮਾਨ ਵਿੱਚ ਅਚਨਚੇਤ ਉਛਾਲ ਆਇਆ ਹੈ। ਪਿਛਲੇ ਦੋ ਦਿਨਾਂ ਵਿੱਚ ਹੋਈ ਵਰਖਾ ਨੇ ਜਿੱਥੇ ਰਾਹਤ ਦਿੱਤੀ ਸੀ, ਉੱਥੇ ਹੀ ਹੁਣ ਅਸਮਾਨ ਸਾਫ਼ ਹੋਣ ਦੇ ਨਾਲ ਹੀ ਸਿੱਧੀ ਧੁੱਪ ਨੇ ਫਿਰ ਤੋਂ ਤਪਸ਼ ਵਧਾ ਦਿੱਤੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਵਿਭਾਗ ਅਨੁਸਾਰ ਅਗਲੇ 48 ਤੋਂ 72 ਘੰਟਿਆਂ ਦੌਰਾਨ ਤਾਪਮਾਨ ਤੇਜ਼ੀ ਨਾਲ ਵਧੇਗਾ ਅਤੇ ਇਹ 43 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ ਇਸ ਵਾਰ ਗਰਮੀ ਦਾ ਪ੍ਰਕੋਪ ਔਸਤ ਨਾਲੋਂ ਵੱਧ ਸੀ, ਪਰ ਦੋ ਦਿਨਾਂ ਦੀ ਵਰਖਾ ਨੇ ਇਸ ਨੂੰ ਕੁਝ ਘੱਟ ਕੀਤਾ ਸੀ। ਹੁਣ ਫਿਰ ਤੋਂ ਚੜ੍ਹਦਾ ਪਾਰਾ ਆਉਣ ਵਾਲੇ ਦਿਨਾਂ ਵਿੱਚ ਹੀਟ ਵੇਵ ਵਰਗੀਆਂ ਸਥਿਤੀਆਂ ਪੈਦਾ ਕਰ ਸਕਦਾ ਹੈ।
ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਦਿਨ ਦੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਦੇ ਵਿਚਕਾਰ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਪਾਣੀ ਦੀ ਕਮੀ ਅਤੇ ਲੂ ਲੱਗਣ ਦਾ ਖ਼ਤਰਾ ਵੱਧ ਗਿਆ ਹੈ, ਇਸ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ, ਜਿਸ ਵਿੱਚ ਗਰਮੀ ਅਤੇ ਹੁੰਮਸ ਵੱਧਣ ਦੀ ਸੰਭਾਵਨਾ ਜਤਾਈ ਗਈ ਹੈ।
--ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਰਹੇਗਾ ਤਾਪਮਾਨ--
ਦਿਨ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ
ਸ਼ੁੱਕਰਵਾਰ 36 26
ਸ਼ਨਿਚਰਵਾਰ 38 26
ਐਤਵਾਰ 39 27
ਸੋਮਵਾਰ 41 28
ਮੰਗਲਵਾਰ 42 29
ਬੁੱਧਵਾਰ 43 29
ਵੀਰਵਾਰ 40 28