- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੰਡ ਤੋਂ ਬਾਅਦ ਹੁਣ ਸਰ੍ਹੋਂ ਦੇ ਤੇਲ ਨੇ ਵਿਗਾੜਿਆ ਰਸੋਈ ਦਾ ਬਜਟ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਰੋਜ਼ਮਰ੍ਹਾ ਦੀਆਂ ਲੋੜਾਂ ਦੇ ਸਾਮਾਨ ਵਿੱਚ ਲਗਾਤਾਰ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੰਡ ਦੇ ਭਾਅ ਵਿੱਚ ਵਾਧੇ ਤੋਂ ਬਾਅਦ ਹੁਣ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵੀ ਉਛਾਲ ਆਉਣ ਨਾਲ ਆਮ ਪਰਿਵਾਰਾਂ ਦੀ ਰਸੋਈ ਦਾ ਬਜਟ ਵਿਗੜਨ ਲੱਗਾ ਹੈ। ਕੁਝ ਸਮਾਂ ਪਹਿਲਾਂ ਤੱਕ ਜਿਸ ਸਰ੍ਹੋਂ ਦੇ ਤੇਲ ਦੀ ਇੱਕ ਲੀਟਰ ਬੋਤਲ ਕਰੀਬ 190 ਰੁਪਏ ਵਿੱਚ ਮਿਲ ਜਾਂਦੀ ਸੀ ਉਸ ਦੀ ਕੀਮਤ ਹੁਣ ਵਧ ਕੇ 220 ਤੋਂ 230 ਰੁਪਏ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਤੇਲ ਦੇ ਭਾਅ ਵਿੱਚ ਕਰੀਬ 20 ਫ਼ੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ। ਇਸਦਾ ਸਿੱਧਾ ਅਸਰ ਮੱਧਮ ਅਤੇ ਘੱਟ ਆਮਦਨ ਵਰਗ ਦੇ ਪਰਿਵਾਰਾਂ 'ਤੇ ਪੈ ਰਿਹਾ ਹੈ। ਉਧਰ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਕਰੀਬ 35 ਫ਼ੀਸਦੀ ਕਮੀ ਆਉਣ ਨਾਲ ਉਪਭੋਗਤਾਵਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ।
ਰਸੋਈ ਵਿੱਚ ਵਰਤੀ ਜਾਣ ਵਾਲੀ ਜ਼ਰੂਰੀ ਵਸਤੂਆਂ ਵਿੱਚ ਸਰ੍ਹੋਂ ਦਾ ਤੇਲ ਅਹਿਮ ਸਥਾਨ ਰੱਖਦਾ ਹੈ। ਘਰਾਂ ਵਿੱਚ ਸਬਜ਼ੀ ਬਣਾਉਣ ਤੋਂ ਲੈ ਕੇ ਦਾਲ ਵਿੱਚ ਤੜਕਾ ਲਗਾਉਣ ਅਤੇ ਹੋਰ ਖਾਦ ਪਦਾਰਥ ਤਿਆਰ ਕਰਨ ਤੱਕ ਇਸਦਾ ਇਸਤੇਮਾਲ ਹੁੰਦਾ ਹੈ। ਇਸ ਤਰ੍ਹਾਂ ਤੇਲ ਦੀਆਂ ਕੀਮਤਾਂ ਵਿੱਚ ਅਚਾਨਕ ਆਈ ਤੇਜ਼ੀ ਨੇ ਘਰੇਲੂ ਖਰਚ ਦਾ ਹਿਸਾਬ ਵਿਗਾੜ ਦਿੱਤਾ ਹੈ। ਪਹਿਲਾਂ ਹੀ ਆਟਾ, ਦਾਲ, ਖੰਡ ਅਤੇ ਹੋਰ ਖਾਦ ਵਸਤੂਆਂ ਦੀ ਖਰੀਦ 'ਤੇ ਚੰਗੀ-ਖਾਸੀ ਰਕਮ ਖਰਚ ਕਰਨੀ ਪੈ ਰਹੀ ਹੈ। ਹੁਣ ਸਰ੍ਹੋਂ ਦਾ ਤੇਲ ਮਹਿੰਗਾ ਹੋਣ ਨਾਲ ਪਰਿਵਾਰਾਂ ਨੂੰ ਆਪਣੇ ਮਹੀਨਾਵਾਰ ਬਜਟ ਵਿੱਚ ਬਦਲਾਅ ਕਰਨਾ ਪੈ ਰਿਹਾ ਹੈ।
- ਸਰ੍ਹੋਂ ਦੇ ਭਾਅ ਵਧਣ ਨਾਲ ਮਹਿੰਗਾ ਹੋਇਆ ਤੇਲ
ਵਪਾਰਕ ਪੱਧਰ ’ਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਸਰ੍ਹੋਂ ਦੇ ਭਾਅ ਵਿੱਚ ਆਇਆ ਉਛਾਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ੁਰੂਆਤ ਵਿੱਚ ਸਰ੍ਹੋਂ ਦਾ ਭਾਅ ਕਰੀਬ 7500 ਰੁਪਏ ਪ੍ਰਤੀ ਕੁਇੰਟਲ ਸੀ, ਜੋ ਹੁਣ ਵਧ ਕੇ 10 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਆਸਪਾਸ ਪਹੁੰਚ ਗਿਆ ਹੈ। ਰਾਜਸਥਾਨ ਤੋਂ ਆਉਣ ਵਾਲੀ ਸਰ੍ਹੋਂ ਦੇ ਭਾਅ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕੱਚੇ ਮਾਲ ਦੀ ਕੀਮਤ ਵਧਣ ਦਾ ਅਸਰ ਤੇਲ ਦੀ ਲਾਗਤ ’ਤੇ ਪਿਆ ਹੈ, ਜਿਸ ਕਾਰਨ ਬਾਜ਼ਾਰ ਵਿੱਚ ਸਰ੍ਹੋਂ ਦੇ ਤੇਲ ਦੇ ਭਾਅ ਵਧ ਗਏ ਹਨ।
- ਹੁਣ ਤੜਕੇ ਵਿੱਚ ਵੀ ਤੇਲ ਦੀ ਮਾਤਰਾ ਘਟਾ ਰਹੀਆਂ ਹਨ ਔਰਤਾਂ
ਗ੍ਰਹਿਣੀ ਰੇਖਾ ਨੇ ਦੱਸਿਆ ਕਿ ਸਰ੍ਹੋਂ ਦੇ ਤੇਲ ਦੇ ਭਾਅ ਵਧਣ ਨਾਲ ਰਸੋਈ ਦਾ ਬਜਟ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਹਿਲਾਂ ਸਬਜ਼ੀ ਬਣਾਉਂਦੇ ਸਮੇਂ ਲੋੜ ਅਨੁਸਾਰ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਸੀ, ਪਰ ਹੁਣ ਮਹਿੰਗਾਈ ਨੂੰ ਦੇਖਦਿਆਂ ਘੱਟ ਤੇਲ ਵਿੱਚ ਖਾਣਾ ਬਣਾਉਣ ਦੀ ਕੋਸ਼ਿਸ਼ ਕਰਨੀ ਪੈ ਰਹੀ ਹੈ। ਔਰਤਾਂ ਸਬਜ਼ੀ ਵਿੱਚ ਤੜਕਾ ਲਗਾਉਂਦੇ ਸਮੇਂ ਵੀ ਤੇਲ ਦੀ ਮਾਤਰਾ ਘੱਟ ਰੱਖ ਰਹੀਆਂ ਹਨ। ਇਸ ਤੋਂ ਇਲਾਵਾ ਇੱਕ ਵਾਰ ਵਿੱਚ ਪਰਿਵਾਰ ਦੀ ਲੋੜ ਅਨੁਸਾਰ ਹੀ ਖਾਣਾ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਵਾਰ-ਵਾਰ ਖਾਣਾ ਬਣਾਉਣ ਅਤੇ ਤੇਲ ਦੀ ਖਪਤ ਵਧਣ ਤੋਂ ਬਚਿਆ ਜਾ ਸਕੇ।
- ਹਰੀਆਂ ਸਬਜ਼ੀਆਂ ਵਿੱਚ ਰਾਹਤ, ਪਰ ਘਰੇਲੂ ਖਰਚ ’ਤੇ ਦਬਾਅ ਬਰਕਰਾਰ
ਗ੍ਰਹਿਣੀ ਜੋਤੀ ਨੇ ਕਿਹਾ ਕਿ ਹਰੀਆਂ ਸਬਜ਼ੀਆਂ ਦੇ ਭਾਅ ਵਿੱਚ ਕੁਝ ਕਮੀ ਆਉਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ, ਪਰ ਸਰ੍ਹੋਂ ਦੇ ਤੇਲ ਦੀ ਮਹਿੰਗਾਈ ਨੇ ਘਰੇਲੂ ਖਰਚ 'ਤੇ ਦਬਾਅ ਬਣਾਈ ਰੱਖਿਆ ਹੈ। ਪਹਿਲਾਂ ਮਹੀਨੇ ਭਰ ਦਾ ਰਾਸ਼ਨ ਇੱਕ ਤੈਅ ਬਜਟ ਵਿੱਚ ਆ ਜਾਂਦਾ ਸੀ ਪਰ ਹੁਣ ਉਸੇ ਸਾਮਾਨ ਦੀ ਖਰੀਦਦਾਰੀ ਲਈ ਵਧੇਰੇ ਪੈਸੇ ਖਰਚ ਕਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਰਸੋਈ ਦਾ ਬਜਟ ਸੀਮਤ ਹੋਣ ਕਾਰਨ ਹੁਣ ਬਾਜ਼ਾਰ ਵਿੱਚ ਹਰ ਸਾਮਾਨ ਖਰੀਦਣ ਤੋਂ ਪਹਿਲਾਂ ਉਸਦੀ ਕੀਮਤ ਦੇਖਣੀ ਪੈਂਦੀ ਹੈ। ਕਈ ਵਾਰ ਲੋੜ ਦੀਆਂ ਚੀਜ਼ਾਂ ਦੀ ਖਰੀਦਦਾਰੀ ਵੀ ਟਾਲਣੀ ਪੈਂਦੀ ਹੈ।
- ਮਹਿੰਗਾਈ ਦੇ ਵਿਚਕਾਰ ਖਾਣਾ ਬਣਾਉਣਾ ਵੀ ਹੋਇਆ ਮੁਸ਼ਕਿਲ
ਪਰਮਜੀਤ ਕੌਰ ਨੇ ਕਿਹਾ ਕਿ ਆਮ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਰੋਜ਼ਮਰ੍ਹਾ ਦੀਆਂ ਲੋੜਾਂ ਦਾ ਸਾਮਾਨ ਲਗਾਤਾਰ ਮਹਿੰਗਾ ਹੋਣ ਨਾਲ ਪਰਿਵਾਰਾਂ ਲਈ ਖਰਚ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹੁਣ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਉਨ੍ਹਾਂ ਦੀ ਪਰੇਸ਼ਾਨੀ ਹੋਰ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣਾ ਹਰ ਪਰਿਵਾਰ ਦੀ ਰੋਜ਼ਮਰ੍ਹਾ ਦੀ ਲੋੜ ਹੈ, ਪਰ ਜਦੋਂ ਰਸੋਈ ਵਿੱਚ ਇਸਤੇਮਾਲ ਹੋਣ ਵਾਲੀਆਂ ਜ਼ਰੂਰੀ ਚੀਜ਼ਾਂ ਦੇ ਭਾਅ ਲਗਾਤਾਰ ਵਧਦੇ ਹਨ ਤਾਂ ਇਸਦਾ ਅਸਰ ਹਰ ਘਰ 'ਤੇ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ 'ਤੇ ਅੰਕੁਸ਼ ਲਗਾਇਆ ਜਾਵੇ ਅਤੇ ਵਧੇ ਹੋਏ ਭਾਅ ਵਾਪਸ ਲਏ ਜਾਣ।