ਝੋਨੇ ਦੇ ਕੱਟ ਲਗਾਉਣ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਨੇ ਐੱਸਡੀਐੱਮ ਦਫਤਰ ਧਰਨਾ ਦੇਣ ਤੋਂ ਬਾਅਦ ਹਾਈਵੇ ਕੀਤਾ ਜਾਮ ਝੋਨੇ ਦੇ ਕੱਟ ਲਗਾਉਣ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਨੇ ਐੱਸਡੀਐੱਮ ਦਫਤਰ ਧਰਨਾ ਦੇਣ ਤੋਂ ਬਾਅਦ ਹਾਈਵੇ ਕੀਤਾ ਜਾਮ
Publish Date: Fri, 09 Oct 2026 05:04 PM (IST)
Updated Date: Fri, 09 Oct 2026 05:05 PM (IST)
---ਝੋਨੇ ਨੂੰ ਲੱਗ ਕੱਟਾਂ ਦੇ ਵਿਰੋਧ ਵਿੱਚ ਨੈਸ਼ਨਲ ਹਾਈਵੇ 354 ਤੇ ਲੱਗੇਗਾ ਅਣਮਿੱਥੇ ਸਮੇਂ ਲਈ ਧਰਨਾ: ਹਰਜੀਤ ਸਿੰਘ ਕਾਹਲੋਂ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਪੰਜਾਬ ਸਰਕਾਰ ਵੱਲੋਂ ਜਿੱਥੇ ਪਹਿਲੀ ਅਕਤੂਬਰ ਤੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਬਾਰਡਰ ਏਰੀਆ ਦੀ ਪ੍ਰਮੁੱਖ ਅਨਾਜ਼ ਮੰਡੀ ਕਲਾਨੌਰ ਤੋਂ ਇਲਾਵਾ ਵੱਖ-ਵੱਖ ਸਰਹੱਦੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਸ਼ੁੱਕਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਅਧੀਨ ਆਉਂਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਐੱਸਡੀਐੱਮ ਦਫਤਰ ਦੇ ਮੂਹਰੇ ਕਰੀਬ ਚਾਰ ਘੰਟੇ ਧਰਨਾ ਲਗਾਉਣ ਉਪਰੰਤ ਨੈਸ਼ਨਲ ਹਾਈਵੇ 354 ਤੇ ਇੱਕ ਘੰਟਾ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਰੋਸ ਧਰਨੇ ਦੀ ਅਗਵਾਈ ਕਰ ਰਹੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਜਵਾਨ ਤੇ ਕਿਸਾਨ ਭਲਾਈ ਯੂਨੀਅਨ, ਅਸ਼ਵਨੀ ਕੁਮਾਰ ਲੱਖਣ ਕਲਾਂ, ਪਲਵਿੰਦਰ ਸਿੰਘ ਮਾਨੇਪੁਰ, ਕੁਲਵਿੰਦਰਜੀਤ ਸਿੰਘ ਅਠਵਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਦਿ ਬੁਲਾਰਿਆਂ ਨੇ ਕਿਹਾ ਕਿ ਆੜ੍ਹਤੀਆਂ, ਕਿਸਾਨਾਂ, ਸ਼ੈਲਰ ਮਾਲਕਾਂ ਵੱਲੋਂ ਇੱਕ ਸਮਝੌਤੇ ਰਾਹੀਂ ਕਿਸਾਨਾਂ ਦੇ ਹਰ ਕਿਸਮ ਦੇ ਝੋਨੇ ਤੇ ਪ੍ਰਤੀ ਕੁਇੰਟਲ 85 ਰੁਪਏ ਕੱਟ ਤੋਂ ਇਲਾਵਾ ਝੋਨੇ ਦੀ ਨਵੀਂ ਦਾ ਇੱਕ ਪੁਆਇੰਟ ਦੇ ਕੱਟ ਵੱਜੋਂ 30 ਰੁਪਏ ਵਸੂਲਣ ਦਾ ਕਿਸਾਨ ਜਥੇਬੰਦੀਆਂ ਵੱਲੋਂ ਡੱਟ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਨੂੰ ਲਗਾਏ ਜਾ ਰਹੇ ਇਸ ਕੱਟ ਨੂੰ ਕਿਸੇ ਵੀ ਕੀਮਤ ਤੇ ਲੱਗਣ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜ਼ਬੂਰ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਜੇਕਰ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਕਿਸਾਨਾਂ ਨੂੰ ਲਗਾਇਆ ਜਾਣ ਵਾਲਾ ਕੱਟ ਬੰਦ ਨਾ ਕੀਤਾ ਤਾਂ ਸ਼ਨਿਚਰਵਾਰ ਨੂੰ ਨੈਸ਼ਨਲ ਹਾਈਵੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਲਈ ਧਰਨਾ ਲਗਾਇਆ ਜਾਵੇਗਾ। ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਪਾਲ ਸਿੰਘ ਸੋਨੂ, ਰੋਸ਼ਨ ਲਾਲ ਜੋਸ਼ੀ, ਮਨਜੀਤ ਸਿੰਘ ਅਦਾਲਤਪੁਰ, ਸਤਨਾਮ ਸਿੰਘ ਰਹੀਮਾਬਾਦ, ਜਰਨੈਲ ਸਿੰਘ ਰਹੀਮਾਬਾਦ ਸਾਬਕਾ, ਗੁਰਦੇਵ ਸਿੰਘ ਰਹੀਮਾਬਾਦ, ਬਲਰਾਜ ਸਿੰਘ, ਨਿਰਵੈਰ ਸਿੰਘ ਨਾਹਰਪੁਰ ਖੱਦਰ, ਜਰਨੈਲ ਸਿੰਘ ਸਪਰਾ, ਦਲਜੀਤ ਸਿੰਘ ਤਲਵੰਡੀ ਆਦਿ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਸ਼ਾਮਲ ਸਨ।