ਐਕਟਿਵਾਂ ਦੇ ਟਿੱਪਰ ਦੀ ਲਪੇਟ ’ਚ ਆਉਣ ਕਾਰਨ ਔਰਤ ਦੀ ਮੌਤ, ਪਤੀ ਜ਼ਖ਼ਮੀ ਪੁਰਾਣਾ ਸ਼ਾਲਾ ਚੌਕ ਵਿੱਚ ਟਿੱਪਰ ਦੀ ਲਪੇਟ ਵਿੱਚ ਆਈ ਐਕਟਿਵਾ, ਮਹਿਲਾ ਦੀ ਮੌਤ, ਪਤੀ ਜ਼ਖ਼ਮੀ
Publish Date: Sun, 18 Oct 2026 03:51 PM (IST)
Updated Date: Mon, 19 Oct 2026 04:00 AM (IST)
-ਪਿੰਡ ਨੌਸ਼ਹਿਰਾ ਪੱਤਣ ’ਚ ਧੀ ਦੇ ਘਰ ਜਗਰਾਤੇ ’ਚ ਭਾਗ ਲੈ ਕੇ ਵਾਪਸ ਪਰਤ ਰਹੇ ਸੀ ਪਤੀ-ਪਤਨੀ ਉਮੇਸ਼ ਅੱਤਰੀ, ਪੰਜਾਬੀ ਜਾਗਰਣ, ਪੁਰਾਣਾ ਸ਼ਾਲਾ : ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ ਤੇ ਪੁਰਾਣਾ ਸ਼ਾਲਾ ਚੌਕ ਦੇ ਨੇੜੇ ਐਤਵਾਰ ਨੂੰ ਇੱਕ ਸੜਕ ਹਾਦਸੇ ’ਚ ਐਕਟਿਵਾ ਸਵਾਰ ਮਹਿਲਾ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਜ਼ਖ਼ਮੀ ਹੋ ਗਿਆ। ਹਾਦਸਾ ਉਸ ਸਮੇਂ ਹੋਇਆ ਜਦੋਂ ਪਤੀ-ਪਤਨੀ ਆਪਣੀ ਧੀ ਦੇ ਘਰ ਜਗਰਾਤੇ ’ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਘਰ ਪਰਤ ਰਹੇ ਸੀ। ਰਸਤੇ ’ਚ ਪਿੱਛੇ ਤੋਂ ਆਏ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ’ਚ ਉਨ੍ਹਾਂ ਦੀ ਐਕਟਿਵਾ ਆ ਗਈ। ਹਾਦਸੇ ’ਚ ਮਹਿਲਾ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ (60) ਪਤਨੀ ਤਰਸੇਮ ਸਿੰਘ ਵਾਸੀ ਚੌਕੀ ਬਰਿਆਰ, ਗੁਰਦਾਸਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਮਲਜੀਤ ਕੌਰ ਆਪਣੇ ਪਤੀ ਤਰਸੇਮ ਸਿੰਘ ਨਾਲ ਐਕਟਿਵਾ ਤੇ ਸਵਾਰ ਹੋ ਕੇ ਮੁਕੇਰੀਆਂ ਵੱਲੋਂ ਗੁਰਦਾਸਪੁਰ ਵੱਲ ਆ ਰਹੀ ਸੀ। ਜਦੋਂ ਉਹ ਪੁਰਾਣਾ ਸ਼ਾਲਾ ਬਾਜ਼ਾਰ ਦੇ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਮਲਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਪਤੀ ਤਰਸੇਮ ਸਿੰਘ ਜ਼ਖ਼ਮੀ ਹੋ ਗਏ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੇ ਪਰਿਵਾਰ ਦੇ ਮੈਂਬਰ ਵੀ ਮੌਕੇ ਤੇ ਪਹੁੰਚ ਗਏ। ਪਰਿਵਾਰ ਅਨੁਸਾਰ ਕਮਲਜੀਤ ਕੌਰ ਅਤੇ ਤਰਸੇਮ ਸਿੰਘ ਪਿੰਡ ਨੌਸ਼ਹਿਰਾ ਪੱਤਣ ’ਚ ਆਪਣੀ ਧੀ ਦੇ ਘਰ ਆਯੋਜਿਤ ਜਗਰਾਤੇ ’ਚ ਸ਼ਾਮਲ ਹੋਣ ਗਏ ਸਨ। ਪ੍ਰੋਗਰਾਮ ਤੋਂ ਬਾਅਦ ਦੋਵੇਂ ਐਕਟਿਵਾ ਤੇ ਵਾਪਸ ਘਰ ਪਰਤ ਰਹੇ ਸਨ। ਪਰਿਵਾਰ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਘਰ ਪਰਤਣ ਦਾ ਇਹ ਸਫ਼ਰ ਇੰਨਾ ਦੁਖਦਾਈ ਹੋ ਜਾਵੇਗਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਦੇ ਮੈਂਬਰ ਮੌਕੇ ਤੇ ਪਹੁੰਚੇ। ਮਾਂ ਦੀ ਮੌਤ ਤੇ ਪਿਤਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਾਲ ਪਰਿਵਾਰ ਵਿੱਚ ਚੀਕ ਚਿਹਾੜਾ ਮੱਚ ਗਈ। ਕਮਲਜੀਤ ਕੌਰ ਆਪਣੇ ਪਿੱਛੇ ਤਿੰਨ ਧੀਆਂ ਅਤੇ ਦੋ ਪੁੱਤਰ ਛੱਡ ਗਈ ਹੈ। ਅਚਾਨਕ ਹੋਏ ਇਸ ਹਾਦਸੇ ਨਾਲ ਪੂਰਾ ਪਰਿਵਾਰ ਸਦਮੇ ਵਿੱਚ ਹੈ। ਹਾਦਸੇ ਤੋਂ ਬਾਅਦ ਮੁਕੇਰੀਆਂ-ਗੁਰਦਾਸਪੁਰ ਮਾਰਗ ਤੇ ਸੜਕ ਸੁਰੱਖਿਆ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਸਥਾਨਕ ਲੋਕਾਂ ਅਨੁਸਾਰ ਇਸ ਮਾਰਗ ਤੇ ਰੇਤ, ਬੱਜਰੀ ਅਤੇ ਹੋਰ ਸਮੱਗਰੀ ਲੈ ਕੇ ਚੱਲਣ ਵਾਲੇ ਟਿੱਪਰਾਂ ਸਮੇਤ ਭਾਰੀ ਵਾਹਨਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਤੇਜ਼ ਰਫ਼ਤਾਰ ਵਾਹਨਾਂ ਕਾਰਨ ਦੋਪਹੀਆ ਵਾਹਨ ਚਾਲਕਾਂ ਲਈ ਜੋਖ਼ਮ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਨੇ ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ ਨੂੰ ਫੋਰ ਲੇਨ ਕਰਨ ਦੀ ਮੰਗ ਵੀ ਉਠਾਈ ਹੈ। ਪੀੜਤ ਪਰਿਵਾਰ ਵੱਲੋਂ ਹਾਦਸੇ ਲਈ ਜ਼ਿੰਮੇਵਾਰ ਟਿੱਪਰ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।