- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਤ ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਮੁਲਜ਼ਮ ਗ੍ਰਿਫਤਾਰ

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ, ਤਾਰਾਗੜ੍ਹ : ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਤਾਰਾਗੜ੍ਹ ਪੁਲਿਸ ਨੇ ਇੱਕ ਵਿਅਕਤੀ ਨੂੰ ਸੱਤ ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਤਾਰਾਗੜ੍ਹ ਥਾਣਾ ਦੇ ਐੱਸਐੱਚਓ ਬਲਵਿੰਦਰ ਸਿੰਘ ਦਾਲਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਬਕਨੌਰ, ਗੋਲ, ਦਤਿਆਲ ਅਤੇ ਕਥਲੌਰ ਸਾਈਡ ਵਲ ਜਾ ਰਹੇ ਸਨ। ਉਹਨਾਂ ਦੱਸਿਆ ਕਿ ਜਦੋਂ ਗਸ਼ਤ ਪਾਰਟੀ ਕਥਲੌਰ ਪੁਲ ਦੇ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਇੱਕ ਲੜਕਾ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜ ਦੌੜਨ ਲੱਗ ਪਿਆ ਅਤੇ ਦੌੜਦੇ ਹੋਏ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕੱਢ ਬਾਹਰ ਝਾੜੀਆਂ ਵਿੱਚ ਸੁੱਟ ਦਿੱਤਾ। ਪੁਲਿਸ ਪਾਰਟੀ ਨੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਅਤੇ ਜਦੋਂ ਉਸ ਵੱਲੋਂ ਸੁੱਟੇ ਗਏ ਲਿਫਾਫੇ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ ਲਿਫਾਫੇ ਸਮੇਤ ਸੱਤ ਗ੍ਰਾਮ ਹੋਇਆ ਅਤੇ ਤਲਾਸੀ ਦੌਰਾਨ ਉਸ ਦੀ ਜੇਬ ਵਿੱਚੋਂ 410 ਰੁਪਏ ਵੀ ਬਰਾਮਦ ਹੋਏ। ਪੁੱਛਗਿੱਛ ਦੌਰਾਨ ਉਸ ਵਿਅਕਤੀ ਨੇ ਆਪਣਾ ਨਾਮ ਡਿੰਪਲ ਕੁਮਾਰ ਵਾਸੀ ਪਿੰਡ ਕਥਲੌਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਦੱਸਿਆ ਅਤੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਹੀਰੋਇਨ ਉਹ ਆਪਣੇ ਪਿੰਡ ਦੇ ਹੀ ਇੱਕ ਲੜਕੇ ਮਨੀਸ਼ ਤੋਂ ਲੈ ਕੇ ਆਇਆ ਹਾਂ। ਪੁਲਿਸ ਨੇ ਮੁਲਜ਼ਮ ਡਿੰਪਲ ਅਤੇ ਮਨੀਸ਼ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।