- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿੱਜੀ ਸਕੂਲ ਦੀ ਬੱਸ

ਨਿੱਜੀ ਸਕੂਲ ਦੀ ਬੱਸ ਡਰੇਨ ਚ ਪਲਟੀ, ਪੰਜ ਦੇ ਕਰੀਬ ਬੱਚੇ ਜਖਮੀ
.. ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ
... ਬਰਮਾ ਨਾ ਹੋਣ ਕਾਰਨ ਵਾਪਰਿਆ ਹਾਦਸਾ; ਸਕੂਲ ਪ੍ਰਬੰਧਕ
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਬਟਾਲਾ ਦੇ ਨੇੜੇ ਪੰਜਗਰਾਈਆਂ ਸਥਿਤ ਇੱਕ ਨਿੱਜੀ ਸਕੂਲ ਦੀ ਬੱਸ ਕਰਨਾਮਾ ਰਧਾਨ ਪਿੰਡ ਨੇੜੇ ਡਰੇਨ ਚ ਪਲਟਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਬੱਸ ’ਚ 15 ਦੇ ਕਰੀਬ ਬੱਚੇ ਸਵਾਰ ਸਨ। ਖੁਸ਼ ਕਿਸਮਤੀ ਨਾਲ ਬੱਸ ’ਚ ਸਵਾਰ ਸਾਰੇ ਬੱਚਿਆਂ ਦਾ ਬਚਾਅ ਹੋ ਗਿਆ। ਹਾਲਾਂਕਿ ਪੰਜ ਛੇ ਬੱਚਿਆਂ ਦੇ ਜ਼ਖਮੀ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ। ਇਸ ਹਾਦਸੇ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਵਾਇਰਲ ਹੋਈ ਹੈ। ਸਕੂਲ ਪ੍ਰਬੰਧਕਾਂ ਨੇ ਸੜਕ ਦੇ ਦੁਆਲੇ ਬਰਮਾ ਨਾ ਹੋਣ ’ਤੇ ਹਾਦਸਾ ਵਾਪਰਨ ਦਾ ਕਾਰਨ ਦੱਸਿਆ ਹੈ, ਜਦਕਿ ਇਸ ਘਟਨਾ ਨਾਲ ਬੱਚਿਆਂ ਦੇ ਮਾਪਿਆਂ ਚ ਸਕੂਲ ਪ੍ਰਬੰਧਕਾਂ ਖਿਲਾਫ ਰੋਸ ਪਾਇਆ ਗਿਆ ਹੈ। ਉਧਰ ਜ਼ਿਲਾ ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਮਾਮਲਾ ਆ ਗਿਆ ਹੈ ਅਤੇ ਉਸ ਮਾਮਲੇ ਦੀ ਪੂਰੀ ਜਾਂਚ ਕਰਨਗੇ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਅਨੁਸਾਰ ਸ਼ਨਿਚਰਵਾਰ ਨੂੰ ਪੰਜ ਗਰਾਈਆਂ ਸਥਿਤ ਪ੍ਰਾਈਵੇਟ ਸਕੂਲ ਦੀ ਇੱਕ ਬੱਸ ਨਜਦੀਕੀ ਪਿੰਡ ਰਧਾਨ ਤੇ ਹੋਰ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਆ ਰਹੀ ਸੀ ਤੇ ਜਦ ਇਹ ਕਰਨਾਮਾ ਰਧਾਨ ਨਜ਼ਦੀਕ ਲੰਘਦੇ ਡਰੇਨ ਨੇੜੇ ਮੋੜ ਤੋਂ ਮੁੜਨ ਲੱਗੀ ਤਾਂ ਡਰੇਨ ’ਚ ਪਲਟ ਗਈ। ਬੱਸ ਪਲਟਣ ਨਾਲ ਬੱਚਿਆਂ ਚ ਚੀਕ ਚਿਹਾੜਾ ਮੱਚ ਗਿਆ। ਆਸ ਪਾਸ ਦੇ ਰਾਹਗੀਰਾਂ ਅਤੇ ਪਿੰਡਾਂ ਦੇ ਲੋਕਾਂ ਨੇ ਭਾਰੀ ਜੱਦੋ ਜਹਿਦ ਦੇ ਬਾਅਦ ਬੱਚਿਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਇਸ ਹਾਦਸੇ ਚ 5-6 ਬੱਚਿਆਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਦਸੇ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਚ ਸਕੂਲ ਪ੍ਰਬੰਧਕਾਂ ਖਿਲਾਫ ਭਾਰੀ ਰੋਸ ਪਾਇਆ ਗਿਆ। ਉਧਰ ਸਕੂਲ ਪ੍ਰਬੰਧਕ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਚ ਬੱਚਿਆਂ ਦਾ ਬਚਾਅ ਹੋ ਗਿਆ ਹੈ ਤੇ ਇਹ ਹਾਦਸਾ ਸੜਕ ਦੇ ਕਿਨਾਰੇ ਬਰਮਾ ਨਾ ਹੋਣ ਕਾਰਨ ਵਾਪਰਿਆ ਹੈ। ਉਹਨਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਦੇ ਨਾਲ ਬੈਠ ਕੇ ਮਸਲਾ ਹੱਲ ਹੋ ਗਿਆ। ਉਧਰ ਉਕਤ ਮਾਮਲੇ ਦੇ ਸਬੰਧ ਚ ਜਦ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ (ਸਕੂਲ) ਸੁਨੀਲ ਜੋਸ਼ੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਪਰ ਹੁਣ ਮਾਮਲਾ ਧਿਆਨ ’ਚ ਆ ਗਿਆ ਹੈ। ਉਹ ਇਸ ਮਾਮਲੇ ਦੀ ਪੂਰੀ ਜਾਂਚ ਕਰਨਗੇ ਤੇ ਜਾਂਚ ਤੋਂ ਬਾਅਦ ਕਾਰਵਾਈ ਕਰਨਗੇ। ਉਧਰ ਬਸ ਪਲਟਣ ਦੀ ਘਟਨਾ ਦੀ ਸੂਚਨਾ ਮਿਲਦਿਆਂ ਸਬੰਧਿਤ ਥਾਣੇ ਦੀ ਪੁਲਿਸ ਵੀ ਮੌਕੇ ’ਤੇ ਪਹੁੰਚੀ।