- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਰੀਦ ਪ੍ਰਬੰਧਾਂ ਬਾਰੇ ਗਲਤ ਪ੍ਰਚਾਰ ਦੇ ਸੰਬੰਧ ’ਚ ਆੜਤੀਆਂ ਦਿੱਤਾ ਜਵਾਬ

—ਮੰਡੀ ਨੂੰ ਬਦਨਾਮ ਕਰਨ ਦੀ ਬਜਾਏ ਤੱਥਾਂ ਦੇ ਆਧਾਰ ’ਤੇ ਗੱਲ ਕਰਨ, ਕਿਸਾਨਾਂ ਤੇ ਆੜ੍ਹਤੀਆਂ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਬੀਤੇ ਦਿਨੀਂ ਇੱਕ ਪਾਰਟੀ ਦੇ ਆਗੂਆਂ ਨੇ ਦਾਣਾ ਮੰਡੀ ਬਟਾਲਾ ’ਚ ਪ੍ਰਬੰਧਾਂ ਨੂੰ ਲੈ ਕੇ ਕੀਤੇ ਗਏ ਗਲਤ ਪ੍ਰਚਾਰ ਦੇ ਸੰਬੰਧ ’ਚ ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜੋ ਸੋਸ਼ਲ ਮੀਡੀਆ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਸਰਾਸਰ ਗਲਤ ਹੈ। ਪ੍ਰੈੱਸ ਕਾਨਫਰੰਸ ਦੌਰਾਨ ਫੈੱਡਰੇਸ਼ਨ ਆਫ ਆੜਤੀਆ ਦੇ ਸੂਬਾ ਮੀਤ ਪ੍ਰਧਾਨ ਮਨਬੀਰ ਸਿੰਘ ਰੰਧਾਵਾ, ਦਾਣਾ ਮੰਡੀ ਬਟਾਲਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੌਲੀ, ਪੱਕਾ ਖਰੀਦ ਯੂਨੀਅਨ ਦੇ ਪ੍ਰਧਾਨ ਸੁੱਖ ਬਾਜਵਾ ਅਤੇ ਆੜ੍ਹਤੀਆ ਅਵਤਾਰ ਸਿੰਘ ਗੁਰਾਇਆ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਬਟਾਲਾ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ, ਫ਼ਸਲ ਦੀ ਲਿਫਟਿੰਗ ਵਿੱਚ ਕਿਸੇ ਕਿਸਮ ਦੀ ਕੋਈ ਬੇਨਿਯਮੀ ਨਹੀਂ ਹੋਈ। ਮਨਬੀਰ ਸਿੰਘ ਰੰਧਾਵਾ ਅਤੇ ਗੁਰਬਿੰਦਰ ਸਿੰਘ ਜੌਲੀ ਨੇ ਕਿਹਾ ਕਿ ਬਟਾਲਾ ਦਾਣਾ ਮੰਡੀ ਸਬੰਧੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਅਤੇ ਇਸ ਵਿੱਚ ਲਗਾਏ ਗਏ ਦੋਸ਼ਾਂ ਕਾਰਨ ਮੰਡੀ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ ਵਿੱਚ ਦੋਸ਼ ਲਗਾਉਣ ਤੋਂ ਪਹਿਲਾਂ ਤੱਥਾਂ ਅਤੇ ਅਸਲ ਸਥਿਤੀ ਨੂੰ ਸਮਝਣਾ ਜ਼ਰੂਰੀ ਹੈ। ਇਸ ਲਈ ਕਿਸਾਨਾਂ, ਆੜ੍ਹਤੀਆਂ, ਖਰੀਦਦਾਰਾਂ ਅਤੇ ਮਜ਼ਦੂਰਾਂ ਨਾਲ ਜੁੜੇ ਮਾਮਲਿਆਂ ਨੂੰ ਰਾਜਨੀਤਿਕ ਰੰਗ ਨਹੀਂ ਦੇਣਾ ਚਾਹੀਦਾ। ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਕਿਹਾ ਕਿ ਬਟਾਲਾ ਦੀ ਅਨਾਜ ਮੰਡੀ ਇਲਾਕੇ ਦੀਆਂ ਪ੍ਰਮੁੱਖ ਮੰਡੀਆਂ ਵਿੱਚੋਂ ਇੱਕ ਹੈ, ਜਿਥੇ ਸਥਾਨਕ ਕਿਸਾਨਾਂ ਤੋਂ ਇਲਾਵਾ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਵੀ ਕਿਸਾਨ ਅਤੇ ਵਪਾਰੀ ਪਹੁੰਚਦੇ ਹਨ। ਝੋਨੇ ਦੀ ਖਰੀਦ ਅਤੇ ਲਿਫਟਿੰਗ ਬਾਰੇ ਆੜ੍ਹਤੀ ਆਗੂਆਂ ਨੇ ਦੱਸਿਆ ਕਿ ਝੋਨੇ ਦੀ ਖਰੀਦ ਸ਼ੁਰੂ ਹੋਣ ਸਮੇਂ ਮੰਡੀ ਵਿੱਚ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਕੁਝ ਮੁਸ਼ਕਲਾਂ ਜ਼ਰੂਰ ਆਈਆਂ ਸਨ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਲਗਭਗ 2 ਲੱਖ 44 ਹਜ਼ਾਰ 100 ਬੋਰੀਆਂ ਦੀ ਖਰੀਦ ਹੋਣ ਅਤੇ ਇਨ੍ਹਾਂ ਵਿੱਚੋਂ ਕਰੀਬ 1 ਲੱਖ 40 ਹਜ਼ਾਰ ਬੋਰੀਆਂ ਦੀ 7 ਅਕਤੂਬਰ ਤੱਕ ਨਿਕਾਸੀ ਹੋਣ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬਟਾਲਾ ਮਾਰਕੀਟ ਖੇਤਰ ਦੀਆਂ ਮੰਡੀਆਂ ਵਿੱਚ 1 ਤੋਂ 7 ਅਕਤੂਬਰ ਤੱਕ ਕਰੀਬ 5 ਲੱਖ 5 ਹਜ਼ਾਰ 493 ਬੋਰੀਆਂ ਦੀ ਖਰੀਦ ਦਾ ਅੰਕੜਾ ਵੀ ਸਾਂਝਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 5 ਅਤੇ 6 ਅਕਤੂਬਰ ਦੇ ਆਸ-ਪਾਸ ਆਰਓ ਦਾਣਾ ਮੰਡੀ ਬਟਾਲਾ ਲਈ ਰਿਲੀਜ਼ ਹੋ ਗਏ ਸਨ, ਜਿਸ ਕਾਰਨ ਦਾਣਾ ਮੰਡੀ ਬਟਾਲਾ ਅੰਦਰ ਸਰਕਾਰੀ ਪਰਮਲ ਦੀ ਖਰੀਦ ਸੁਚੱਜੇ ਢੰਗ ਨਾਲ ਸ਼ੁਰੂ ਹੋ ਗਈ। ਪ੍ਰੈੱਸ ਕਾਨਫਰੰਸ ਦੌਰਾਨ ਬਾਸਮਤੀ ਦੀ ਖਰੀਦ ਦੇ ਭਾਅ ਬਾਰੇ ਗੱਲ ਕਰਦਿਆਂ ਆਗੂਆਂ ਨੇ ਦਾਅਵਾ ਕੀਤਾ ਕਿ ਬਟਾਲਾ ਦਾਣਾ ਮੰਡੀ ਵਿੱਚ ਬਾਸਮਤੀ ਦਾ ਰੇਟ 4,800 ਰੁਪਏ ਪ੍ਰਤੀ ਕੁਇੰਟਲ ਤੱਕ ਗਿਆ, ਜੋ ਉਨ੍ਹਾਂ ਅਨੁਸਾਰ ਉਸ ਸਮੇਂ ਪੰਜਾਬ ਦੀਆਂ ਕਈ ਹੋਰ ਮੰਡੀਆਂ ਦੇ ਮੁਕਾਬਲੇ ਵਧੀਆ ਸੀ।
ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਵੀ ਦਿੱਤਾ ਜਵਾਬ:
ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਉੱਠੇ ਸਵਾਲਾਂ ਬਾਰੇ ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਬਟਾਲਾ ਨਾਲ ਸਬੰਧਤ ਵਿਅਕਤੀ ਮਾਰਕੀਟ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ। ਪ੍ਰੈੱਸ ਕਾਨਫਰੰਸ ਦੇ ਅੰਤ ਵਿੱਚ ਆੜ੍ਹਤੀ ਆਗੂਆਂ ਨੇ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦਾ ਆਪਸੀ ਰਿਸ਼ਤਾ ਬਹੁਤ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਦਾਣਾ ਮੰਡੀ ਬਟਾਲਾ ਅੰਦਰ 1 ਅਕਤੂਬਰ ਤੋਂ ਪਹਿਲਾਂ ਵੀ ਪਰਮਲ ਦੀ ਖਰੀਦ ਵੱਖ-ਵੱਖ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਕੀਤੀ ਗਈ ਹੈ ।