ਵੱਖ-ਵੱਖ ਪਿੰਡਾਂ ਦੇ ‘ਆਪ’ ਵਰਕਰ ਕਾਂਗਰਸ ’ਚ ਸ਼ਾਮਲ ਦੀਨਾਨਗਰ ’ਚ ‘ਆਪ’ ਨੂੰ ਝਟਕਾ, ਵੱਖ-ਵੱਖ ਪਿੰਡਾਂ ਦੇ ‘ਆਪ’ ਵਰਕਰ ਕਾਂਗਰਸ ਵਿੱਚ ਹੋਏ ਸ਼ਾਮਲ
Publish Date: Sat, 08 Aug 2026 04:59 PM (IST)
Updated Date: Sat, 08 Aug 2026 05:02 PM (IST)
ਆਕਾਸ਼, ਪੰਜਾਬੀ ਜਾਗਰਣ ਦੀਨਾਨਗਰ: ਹਲਕਾ ਦੀਨਾਨਗਰ ਅੰਦਰ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦਿਆਂ ਪਿੰਡ ਮੋਖੇ, ਗਾਦੜੀਆਂ, ਮਚਲੇ, ਕੌਂਟਾ, ਰਾਮਨਗਰ ਅਤੇ ਭੂਣ ਦੇ ਵੱਡੀ ਗਿਣਤੀ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਪਰਿਵਾਰਾਂ ਦੇ ਮੁਖੀਆਂ ਨੂੰ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਨੇ ਪਾਰਟੀ ਦੇ ਸਿਰੋਪੇ ਪਹਿਨਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ। ਅਸ਼ੋਕ ਚੌਧਰੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਆਏ ਦਿਨ ਹਲਕੇ ਅੰਦਰ ਸੱਤਾਧਾਰੀਆਂ ਦੇ ਆਗੂ ਅਤੇ ਵਰਕਰ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਮੁਹਾਰੇ ਇਨ੍ਹਾਂ ਵਰਕਰਾਂ ਦਾ ਕਾਂਗਰਸ ਪਾਰਟੀ ਵੱਲ ਆਉਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਕਾਂਗਰਸ ਦੀਨਾਨਗਰ ਅੰਦਰ ਪੂਰੀ ਤਰ੍ਹਾਂ ਨਾਲ ਮਜ਼ਬੂਤ ਅਤੇ ਵਿਰੋਧੀਆਂ ’ਤੇ ਭਾਰੀ ਹੈ। ਉਨ੍ਹਾਂ ‘ਆਪ’ ਛੱਡ ਕੇ ਆਏ ਤਮਾਮ ਪਰਿਵਾਰਾਂ ਦਾ ਕਾਂਗਰਸ ਵਿੱਚ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇੱਥੇ ਪੂਰਾ ਮਾਣ ਸਤਿਕਾਰ ਮਿਲੇਗਾ ਅਤੇ ਉਨ੍ਹਾਂ ਦੇ ਹਰੇਕ ਜਾਇਜ਼ ਕੰਮ ਹੋਣਗੇ। ‘ਆਪ’ ਨੂੰ ਅਲਵਿਦਾ ਆਖਣ ਵਾਲੇ ਕਰਨੈਲ ਸਿੰਘ ਗਾਦੜੀਆਂ ਅਤੇ ਸੁਖਦੇਵ ਸਿੰਘ ਕਾਹਲੋਂ ਰਾਵਲ ਨੇ ਕਿਹਾ ਕਿ ਉਹ ਪਿਛਲੀਆਂ ਚੋਣਾਂ ਵੇਲੇ ਬੜੀਆਂ ਆਸਾਂ ਨਾਲ ਆਮ ਆਦਮੀ ਪਾਰਟੀ ਵੱਲ ਗਏ ਸਨ ਪਰ ਸਰਕਾਰ ਬਣਨ ਦੇ ਬਾਵਜੂਦ ਵੀ ਉਨ੍ਹਾਂ ਦਾ ਕੋਈ ਕੰਮ ਨਹੀਂ ਹੋਇਆ ਅਤੇ ਹਲਕਾ ਇੰਚਾਰਜ ਵੱਲੋਂ ਲਗਾਤਾਰ ਉਨ੍ਹਾਂ ਨੂੰ ਅਣਗੌਲਿਆ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਦੇ ਹਲਕਾ ਇੰਚਾਰਜ ਦੀਆਂ ਮਨਮਾਨੀਆਂ ਤੋਂ ਦੁੱਖੀ ਹੋ ਕੇ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਮਨ ਬਣਾਇਆ। ਉਨ੍ਹਾਂ ਕਿਹਾ ਕਿ ਹੁਣ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਅੱਜ ਤੋਂ ਵਿਧਾਇਕਾ ਅਰੁਣਾ ਚੌਧਰੀ ਦੇ ਨਾਲ ਚੱਲਣਗੇ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਹਰਬੰਸ ਸਿੰਘ ਮੋਖੇ, ਹਰਦੀਪ ਸਿੰਘ, ਬਿੱਲੂ ਮੋਖੇ ਅਤੇ ਸਤੀਸ਼ ਕੁਮਾਰ ਰੌਕੀ ਮਚਲੇ ਤੋਂ ਇਲਾਵਾ ਬਰਿਆਰ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ, ਅਮਰੀਕ ਸਿੰਘ ਗਾਦੜੀਆਂ, ਸਰਬਜੀਤ ਸਿੰਘ ਕੌਂਟਾ, ਰਾਜਿੰਦਰ ਸਿੰਘ ਲਖਣਪਾਲ, ਸਾਬੂ ਲਖਣਪਾਲ, ਭੁਪਿੰਦਰ ਸਿੰਘ, ਲਵਪ੍ਰੀਤ ਸਿੰਘ ਸੰਨੀ, ਲਖਵਿੰਦਰ ਸਿੰਘ ਲੱਖਾ ਰਾਵਲ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਵਿਸ਼ੇਸ਼ ਸਹਾਇਕ ਤੇ ਸੀਨੀਅਰ ਕਾਂਗਰਸ ਨੇਤਾ ਦੀਪਕ ਭੱਲਾ, ਹੀਰਾ ਲਾਲ ਪੱਖੋਵਾਲ ਅਤੇ ਅਵਿਨਾਸ਼ ਸੱਮੂਚੱਕ ਹਾਜ਼ਰ ਸਨ।