- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ 18 ਸਾਲਾਂ ਤੋਂ ਖੁਦ ਹੀ ਪਾਣੀ ਨੂੰ ਤਰਸ ਰਹੀ ਪਿੰਡ ਭਾਗੋਵਾਲ ’ਚ ਬਣੀ ਪਾਣੀ ਦੀ ਟੈਂਕੀ

ਫੋਟੋ: 29ਬੀਟੀਐਲ09 ਪਿੰਡ ਭਾਗੋਵਾਲ ’ਚ ਬਣੀ ਪਾਣੀ ਵਾਲੀ ਟੈਂਕੀ ਜੋ ਕਿ 18 ਸਾਲਾਂ ਤੋਂ ਪਾਣੀ ਨੂੰ ਤਰਸ ਰਹੀ ਹੈ।
ਕੁਲਦੀਪ ਸਿੰਘ ਸਲਗਾਨੀਆਂ, ਪੰਜਾਬੀ ਜਾਗਰਣ
ਕਿਲਾ ਲਾਲ ਸਿੰਘ : ਕਈ ਸਰਕਾਰਾਂ ਆਈਆਂ ਤੇ ਕਈ ਗਈਆਂ, ਪਰ ਹਲਕਾ ਫਤਿਹਗਡ਼੍ਹ ਚੂਡ਼ੀਆਂ ਦੇ ਪਿੰਡ ਭਾਗੋਵਾਲ ਵਿੱਚ ਬਣੀ ਪਾਣੀ ਵਾਲੀ ਟੈਂਕੀ ਦੀ ਕਿਸੇ ਵਲੋਂ ਸਾਰ ਨਾ ਲਏ ਜਾਣ ਦੇ ਚਲਦਿਆਂ ਅੱਜ ਇਹ ਟੈਂਕੀ ਜਿਥੇ ਖੁਦ ਲਈ ਹੀ ਪਾਣੀ ਨੂੰ ਤਰਸਦੀ ਹੋਈ ਇਕ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ, ਉਥੇ ਇਸ ਟੈਂਕੀ ਦਾ ਸ਼ੁੱਧ ਪਾਣੀ ਪਿੰਡ ਵਾਸੀਆਂ ਨੂੰ ਮੁਹੱਈਆ ਹੋਣਾ ਬਹੁਤ ਦੂਰ ਦੀ ਗੱਲ ਹੈ। ਇਥੇ ਇਹ ਦੱਸਦੇ ਚੱਲੀਏ ਕਿ ਕਰੀਬ ਅਠਾਰ੍ਹਾਂ ਸਾਲ ਪਹਿਲਾਂ ਜਲ ਸਪਲਾਈ ਵਿਭਾਗ ਵੱਲੋਂ ਪਿੰਡ ਵਾਸੀਆਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਪਿੰਡ ਭਾਗੋਵਾਲ ’ਚ ਇਕ ਵਿਸ਼ਾਲ ਪਾਣੀ ਵਾਲੀ ਟੈਂਕੀ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਨਿਰਮਾਣ ਤੋਂ ਪਹਿਲਾਂ ਵਿਭਾਗ ਵੱਲੋਂ ਪਿੰਡ ’ਚ ਵਰਤੇ ਜਾ ਰਹੇ ਪਾਣੀ ਦੀ ਜਾਂਚ ਕੀਤੀ ਗਈ ਸੀ ਤੇ ਉਹ ਪਾਣੀ ਕਾਫ਼ੀ ਪ੍ਰਦੂਸ਼ਿਤ ਪਾਇਆ ਗਿਆ, ਜਿਸ ’ਤੇ ਪਿੰਡ ਵਾਸੀਆਂ ਨੂੰ ਸ਼ੁੱਧ ਤੇ ਸਾਫ ਪਾਣੀ ਦੇਣ ਦੇ ਮਕਸਦ ਨਾਲ ਜਿੱਥੇ ਪਾਣੀ ਦੀ ਟੈਂਕੀ ਦਾ ਨਿਰਮਾਣ ਹੋਇਆ, ਉੱਥੇ ਪਿੰਡ ਵਾਸੀਆਂ ਦੇ ਘਰਾਂ ਤੱਕ ਟੈਂਕੀ ਦਾ ਸਾਫ ਪਾਣੀ ਪਹੁੰਚਾਉਣ ਦੇ ਲਈ ਪਿੰਡ ਚ ਪਾਈਪ ਲਾਈਨ ਵੀ ਵਿਛਾਈ ਗਈ। ਜਦੋਂ ਸਾਰਾ ਕੰਮ ਪੂਰਾ ਹੋ ਗਿਆ ਤੇ ਟੈਂਕੀ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਟੈਂਕੀ ਤੋਂ ਪਾਣੀ ਛੱਡਿਆ ਗਿਆ ਤਾਂ ਠੇਕੇਦਾਰ ਵੱਲੋਂ ਵਰਤੇ ਘਟੀਆ ਮਟੀਰੀਅਲ ਤੇ ਕੀਤੇ ਘਟੀਆ ਦੇ ਚਲਦਿਆਂ \ਪਾਣੀ ਦੀਆਂ ਪਾਈਪਾਂ ਰਸਤੇ ’ਚ ਹੀ ਲੀਕ ਹੋ ਗਈਆਂ। ਇਸ ਤਰ੍ਹਾਂ ਕਿਸੇ ਵੀ ਪਿੰਡ ਵਾਸੀ ਨੂੰ ਟੈਂਕੀ ਦਾ ਪਾਣੀ ਨਸੀਬ ਨਾ ਹੋਇਆ। ਓਧਰ, ਦੂਜੇ ਪਾਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਪੰਜ ਹਜ਼ਾਰ ਦੇ ਕਰੀਬ ਵੋਟ ਹੈ ਤੇ ਸੱਤ ਹਜ਼ਾਰ ਤੋਂ ਜ਼ਿਆਦਾ ਆਬਾਦੀ ਹੈ। ਇਸ ਪਿੰਡ ਦੀਆਂ ਤਿੰਨ ਪੰਚਾਇਤ ਹਨ। ਹਲਕੇ ਦਾ ਇਕ ਵੱਡਾ ਪਿੰਡ ਹੋਣ ਦੇ ਬਾਵਜੂਦ ਵੀ ਅਜੇ ਤਕ ਪਿੰਡ ਵਾਸੀਆਂ ਨੂੰ ਟੈਂਕੀ ਦਾ ਸਾਫ ਪਾਣੀ ਪੀਣ ਲਈ ਨਸੀਬ ਨਾ ਹੋ ਸਕਿਆ ਤੇ ਪਿੰਡ ਵਾਸੀ ਦੂਸ਼ਿਤ ਪਾਣੀ ਪੀਣ ਨੂੰ ਅਜੇ ਤਕ ਮਜਬੂਰ ਹਨ। ਲੋਕਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਟੈਂਕੀ ਤੇ ਮੋਟਰ ਦੀ ਰਖਵਾਲੀ ਕਰਨ ਲਈ ਰੱਖਿਆ ਗਿਆ ਚੌਕੀਦਾਰ ਵੀ ਮਿਹਨਤਾਨਾ ਨਾ ਮਿਲਣ ਦੀ ਵਜ੍ਹਾ ਨਾਲ ਕੰਮ ਛੱਡ ਗਿਆ ਅਤੇ ਫਿਰ ਇਕ ਦਿਨ ਚੋਰਾਂ ਵੱਲੋਂ ਮੋਟਰ ਵਾਲੇ ਕਮਰੇ ਤੋਂ ਸਟਾਰਟਰ ਤੇ ਹੋਰ ਬਿਜਲੀ ਦੇ ਉਪਕਰਨ ਚੋਰੀ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਹੋਰ ਅਨੇਕਾਂ ਸਮੱਸਿਆਵਾਂ ਨਾਲ ਜੂਝਦੀ ਹੋਈ ਪਾਣੀ ਦੀ ਟੈਂਕੀ ਅਜੈ ਤੱਕ ਜਿੱਥੇ ਕਿਸੇ ਪਿਆਸੇ ਦੇ ਮੂੰਹ ’ਚ ਪਾਣੀ ਦੀ ਇੱਕ ਬੂੰਦ ਨਾ ਪਾ ਸਕੀ, ਉਥੇ ਖ਼ੁਦ ਵੀ ਇਹ ਟੈਂਕੀ ਪਾਣੀ ਨੂੰ ਤਰਸਦੀ ਹੋਈ ਇਕ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ।
ਇਸ ਸੰਬੰਧੀ ਜਦ ‘ਆਪ’ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਜੋਬਨ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ
ਪਿੰਡ ਭਾਗੋਵਾਲ ਵਾਸੀਆਂ ਦੀ ਇਸ ਅਹਿਮ ਮੁਸ਼ਕਿਲ ਨੂੰ ਉਹ ਜਲਦੀ ਸੁਲਝਾਉਣਗੇ ਅਤੇ ਟੈਂਕੀ ਦਾ ਸਾਫ ਪਾਣੀ ਪਿੰਡ ਵਾਸੀਆਂ ਦੇ ਘਰਾਂ ਤੱਕ ਬਿਨਾਂ ਕਿਸੇ ਦੇਰੀ ਦੇ ਪਹੁੰਚਾਇਆ ਜਾਏਗਾ।