- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਵਿਜੈ ਥਾਪਰ, ਪੰਜਾਬੀ ਜਾਗਰਣ, ਬਟਾਲਾ : ਅੱਜ ਬਾਬਾ ਬੁੱਢਾ ਸਾਹਿਬ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਉਗਰੇਵਾਲ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਯਾਦ ਕਰਦਿਆਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਗੁਰਬਾਣੀ ਦਾ ਜਾਪ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ’ਚ ਪਹਿਲਾਂ ਤੋਂ ਹੀ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਲੜੀ ਚੱਲ ਰਹੀ ਹੈ, ਜਿਨ੍ਹਾਂ ਦੇ ਭੋਗ ਆਉਣ ਵਾਲੇ ਸਮੇਂ ’ਚ ਬਾਬਾ ਜੀ ਦੇ ਪ੍ਰਕਾਸ਼ ਪੁਰਬ (ਜਨਮ ਦਿਹਾੜੇ) ਵਾਲੇ ਦਿਨ ਪਾਏ ਜਾਣਗੇ।
ਸਮਾਗਮ ’ਚ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਸਾਰੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਸਭ ਤੋਂ ਛੋਟੇ ਅਤੇ ਹੋਣਹਾਰ ਬੱਚਿਆਂ (ਨਰਸਰੀ ਤੋਂ ਪਹਿਲੀ ਕਲਾਸ) ਨੇ ਬੜੇ ਹੀ ਪਿਆਰੇ ਢੰਗ ਨਾਲ 'ਮੂਲ ਮੰਤਰ' ਦਾ ਜਾਪ ਕੀਤਾ। ਜਦਕਿ ਦੂਜੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਵੱਲੋਂ ‘ਮੂਲ ਮੰਤਰ’ ਦੇ ਨਾਲ-ਨਾਲ ‘ਸ੍ਰੀ ਚੌਪਈ ਸਾਹਿਬ’ ਜੀ ਦੇ ਪਾਠ ਉਚਾਰਨ ਕੀਤੇ ਗਏ। ਇਸੇ ਤਰ੍ਹਾਂ, ਸੀਨੀਅਰ ਵਿਦਿਆਰਥੀਆਂ (ਛੇਵੀਂ ਤੋਂ ਦਸਵੀਂ ਕਲਾਸ) ਵੱਲੋਂ ‘ਸ੍ਰੀ ਸੁਖਮਨੀ ਸਾਹਿਬ’, ‘ਸ੍ਰੀ ਚੌਪਈ ਸਾਹਿਬ’ ਅਤੇ ‘ਸ੍ਰੀ ਅਨੰਦ ਸਾਹਿਬ’ ਜੀ ਦੇ ਪਾਠ ਬੜੀ ਸ਼ਰਧਾ ਸਹਿਤ ਕੀਤੇ ਗਏ। ਪਾਠ ਉਪਰੰਤ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਸਾਂਝੇ ਤੌਰ ’ਤੇ ਅਰਦਾਸ ਕੀਤੀ ਗਈ।