ਸੁਖਜਿੰਦਰ ਸਕੂਲ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਸੁਖਜਿੰਦਰ ਸਕੂਲ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
Publish Date: Sat, 07 Nov 2026 03:37 PM (IST)
Updated Date: Sun, 08 Nov 2026 04:03 AM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਗੁਰਦਾਸਪੁਰ ਵਿਖੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਅਤੇ ਸਿੱਖ ਇਤਿਹਾਸ ਦੇ ਮਹਾਨ ਦਿਹਾੜੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੜੇ ਉਤਸ਼ਾਹ, ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਨਾ ਸਿਰਫ਼ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸਗੋਂ ਭਾਰਤੀ ਸੱਭਿਆਚਾਰ, ਧਾਰਮਿਕ ਵਿਰਸੇ ਅਤੇ ਇਤਿਹਾਸਕ ਮਹੱਤਵ ਨਾਲ ਵੀ ਡੂੰਘੀ ਸਾਂਝ ਪਾਈ। ਇਸ ਪ੍ਰੋਗਰਾਮ ਵਿੱਚ ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਸਵੇਰ ਦੀ ਸਭਾ ਨਾਲ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਨਾਲ ਸੰਬੰਧਿਤ ਪ੍ਰਭਾਵਸ਼ਾਲੀ ਭਾਸ਼ਣ, ਮਨਮੋਹਕ ਕਵਿਤਾਵਾਂ ਅਤੇ ਸੁਰੀਲੇ ਗੀਤ ਪੇਸ਼ ਕੀਤੇ। ਵਿਦਿਆਰਥੀਆਂ ਨੇ ਦੱਸਿਆ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਆਪਣੇ ਪਿਤਾ ਦੇ ਵਚਨ ਦੀ ਪਾਲਣਾ ਕਰਦਿਆਂ 14 ਸਾਲਾਂ ਦਾ ਵਨਵਾਸ ਪੂਰਾ ਕਰਕੇ ਮਾਤਾ ਸੀਤਾ ਜੀ ਅਤੇ ਭਰਾ ਲਕਸ਼ਮਣ ਜੀ ਸਮੇਤ ਅਯੁੱਧਿਆ ਵਾਪਸ ਪਰਤੇ ਸਨ। ਉਨ੍ਹਾਂ ਦੇ ਸਵਾਗਤ ਵਿੱਚ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾ ਕੇ ਪੂਰੀ ਨਗਰੀ ਨੂੰ ਰੌਸ਼ਨ ਕਰ ਦਿੱਤਾ ਸੀ। ਇਸ ਘਟਨਾ ਨੂੰ ਬੁਰਾਈ ਉੱਤੇ ਚੰਗਿਆਈ ਅਤੇ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਇਤਿਹਾਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਆਪਣੀ ਰਿਹਾਈ ਦੇ ਸਮੇਂ ਆਪਣੇ ਨਾਲ 52 ਕੈਦੀ ਰਾਜਿਆਂ ਦੀ ਰਿਹਾਈ ਵੀ ਯਕੀਨੀ ਬਣਾਈ ਸੀ। ਇਸ ਮਹਾਨ ਕਾਰਜ ਕਾਰਨ ਗੁਰੂ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ। ਸਵੇਰ ਦੀ ਸਭਾ ਤੋਂ ਬਾਅਦ ਵਿਦਿਆਰਥੀਆਂ ਲਈ ਜਮਾਤ ਅਨੁਸਾਰ ਵੱਖ-ਵੱਖ ਰਚਨਾਤਮਕ ਅਤੇ ਕਲਾ-ਆਧਾਰਿਤ ਗਤੀਵਿਧੀਆਂ ਕਰਵਾਈਆਂ ਗਈਆਂ। ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਦੀਵਿਆਂ ਦੀ ਸਜਾਵਟ ਰਾਹੀਂ ਸਧਾਰਨ ਦੀਵਿਆਂ ਨੂੰ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨਾਂ ਨਾਲ ਆਕਰਸ਼ਕ ਰੂਪ ਦਿੱਤਾ। ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਗਲੋ ਹੋਲਡਰ ਤਿਆਰ ਕਰਕੇ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਤੋਰਨ ਬਣਾਏ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਤਿਉਹਾਰਾਂ ਸਮੇਂ ਘਰਾਂ ਦੀ ਸਜਾਵਟ ਦੀ ਮਹੱਤਤਾ ਨੂੰ ਦਰਸਾਇਆ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੁੰਦਰ ਅਤੇ ਆਕਰਸ਼ਕ ਦੀਵਾਲੀ ਕਾਰਡ ਤਿਆਰ ਕੀਤੇ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੇਪਰ ਫੈਨ ਡੈਕੋਰੇਸ਼ਨ ਵਿੱਚ ਭਾਗ ਲੈਂਦਿਆਂ ਰੰਗੀਨ ਕਾਗਜ਼ਾਂ ਦੀ ਸਹਾਇਤਾ ਨਾਲ ਵੱਖ-ਵੱਖ ਸਜਾਵਟੀ ਚੀਜ਼ਾਂ ਤਿਆਰ ਕੀਤੀਆਂ। ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਦੀਵਾਲੀ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਭਾਗ ਲਿਆ। ਸਕੂਲ ਦੀ ਚੇਅਰਪਰਸਨ ਦਲਜੀਤ ਕੌਰ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਸਿਰਫ਼ ਤਿਉਹਾਰ ਹੀ ਨਹੀਂ, ਸਗੋਂ ਇਹ ਸਾਨੂੰ ਜੀਵਨ ਵਿੱਚ ਚੰਗਿਆਈ, ਸੱਚਾਈ, ਦਇਆ, ਸੇਵਾ ਅਤੇ ਆਪਸੀ ਸਾਂਝ ਦੇ ਰਸਤੇ ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖਿਆ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੱਕ ਸੀਮਿਤ ਰੱਖਣਾ ਨਹੀਂ, ਸਗੋਂ ਉਨ੍ਹਾਂ ਨੂੰ ਸਮਾਜਿਕ, ਸੱਭਿਆਚਾਰਕ ਅਤੇ ਨੈਤਿਕ ਪੱਖੋਂ ਵੀ ਮਜ਼ਬੂਤ ਬਣਾਉਣਾ ਹੈ। ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਸਮਾਗਮ ਦੀ ਸਫਲਤਾ ਲਈ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।