- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਧਿਰਾਂ ਦੇ ਝਗੜੇ ਨੂੰ ਰੋਕਣ ਗਈ ਪੁਲਿਸ ਪਾਰਟੀ 'ਤੇ ਜਾਨਲੇਵਾ ਹਮਲਾ

ਸੁਖਦੇਵ ਸਿੰਘ/ ਨਿਸ਼ਾਨ ਸਿੰਘ ਰੰਧਾਵਾ, ਪੰਜਾਬੀ ਜਾਗਰਣ,
ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਸ਼ਿਕਾਰ ਮਾਛੀਆਂ ਵਿਖੇ ਦੋ ਧਿਰਾਂ ’ਚ ਝਗੜਾ ਹਟਾਉਣ ਗਈ ਪੁਲਿਸ ਪਾਰਟੀ 'ਤੇ ਜਾਨਲੇਵਾ ਹਮਲਾ ਕਰਨ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਟਲੀ ਸੂਰਤ ਮੱਲੀ ਦੇ ਐੱਸਐੱਚਓ ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਦੀ ਸਰਕਾਰੀ ਗੱਡੀ ’ਤੇ ਸਵਾਰ ਹੋ ਕੇ ਆਪਣੇ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸਬੰਧ ਵਿੱਚ ਪਿੰਡ ਸ਼ਿਕਾਰ ਤੋਂ ਧਾਰੋਵਾਲੀ ਵੱਲ ਜਾ ਰਹੇ ਸਨ।ਉਹਨਾਂ ਦੱਸਿਆ ਕਿ ਰਾਤ ਕਰੀਬ 9:00 ਵਜੇ ਜਦੋਂ ਪੁਲਿਸ ਪਾਰਟੀ ਪਿੰਡ ਸਿਕਾਰ ਮਾਛੀਆਂ ਦੇ ਵਾਸੀ ਰਿੰਕੂ ਮਸੀਹ ਪੁੱਤਰ ਪ੍ਰੇਮ ਮਸੀਹ ਦੇ ਘਰ ਅੱਗੋਂ ਲੰਘੀ ਤਾਂ ਉੱਥੇ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋ ਰਹੀ ਸੀ। ਉਹਨਾਂ ਦੱਸਿਆ ਕਿ ਜਦ ਉਹ ਲੜਾਈ ਰੋਕਣ ਲਈ ਉਕਤ ਘਰ ਗਏ ਤਾਂ ਰਿੰਕੂ ਮਸੀਹ ਦੇ ਘਰ ਅੰਦਰੋਂ ਕਰੀਬ 25/30 ਲੜਕੇ ਜਿੰਨ੍ਹਾਂ ਕੋਲ ਦਾਤਰ ਅਤੇ ਮਾਰੂ ਹਥਿਆਰ ਸਨ ਅਤੇ ਮੋਟਰਸਾਈਕਲਾਂ ਅਤੇ ਕਾਰਾਂ 'ਤੇ ਸਵਾਰ ਹੋ ਕੇ ਆਏ ਸਨ, ਨੇ ਪੁਲਿਸ ਪਾਰਟੀ ਨੂੰ ਘੇਰ ਲਿਆ ਅਤੇ ਲਲਕਾਰੇ ਮਾਰਦਿਆਂ ਕਿਹਾ ਕਿ "ਆਈ ਹੋਈ ਪੁਲਿਸ ਪਾਰਟੀ ਨੂੰ ਫੜ ਲਓ, ਅਸੀਂ ਜੋ ਮਰਜ਼ੀ ਕਰੀਏ ਇਹ ਕੌਣ ਹੁੰਦੇ ਸਾਨੂੰ ਰੋਕਣ ਵਾਲੇ"। ਇੰਨੀ ਗੱਲ ਸੁਣਦਿਆਂ ਹੀ ਉਕਤ ਵਿਅਕਤੀਆਂ ਨੇ ਪੁਲਿਸ ਪਾਰਟੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਇਸ ਘਟਨਾ ’ਚ ਰਿੰਕੂ ਮਸੀਹ ਨੇ ਆਪਣੇ ਦਾਤਰ ਦਾ ਵਾਰ ਹੈੱਡ ਕਾਂਸਟੇਬਲ ਸੁਖਦੀਪ ਸਿੰਘ 'ਤੇ ਕੀਤਾ, ਜੋ ਉਸ ਦੇ ਸਿਰ ਦੇ ਸੱਜੇ ਪਾਸੇ ਕੰਨ ਉੱਪਰ ਲੱਗਾ ਅਤੇ ਸੂਰਜ ਮਸੀਹ ਪੁੱਤਰ ਬਾਬੂ ਮਸੀਹ ਨੇ ਦਾਤਰ ਦਾ ਵਾਰ ਸੀਨੀਅਰ ਹੈੱਡ ਕਾਂਸਟੇਬਲ ਰਿਖੀ ਰਾਮ 'ਤੇ ਕੀਤਾ ਜੋ ਉਸ ਦੀ ਖੱਬੀ ਬਾਂਹ 'ਤੇ ਲੱਗਾ। ਬਾਕੀ ਹਮਲਾਵਰਾਂ ਨੇ ਪੁਲਿਸ 'ਤੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀ ਕਰਮਚਾਰੀਆਂ ਨੂੰ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਦਾਖਲ ਕਰਵਾਇਆ ਗਿਆ। ਥਾਣਾ ਮੁੱਖੀ ਨੇ ਦੱਸਿਆ ਕਿ ਰਿੰਕੂ ਮਸੀਹ ਨੇ ਆਪਣੇ ਘਰ ਵਿੱਚ 25/30 ਲੜਕੇ ਬੁਲਾਏ ਸਨ ਅਤੇ ਉਨ੍ਹਾਂ ਨੇ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸਿਕਾਰ ਮਾਛੀਆਂ ਨੂੰ ਸੱਟਾਂ ਮਾਰੀਆਂ ਸਨ ਅਤੇ ਉਸ ਤੋਂ ਬਾਅਦ ਹੁੱਲੜਬਾਜ਼ੀ ਕਰ ਰਹੇ ਸਨ। ਐੱਸਐੱਚਓ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਿੰਕੂ ਮਸੀਹ, ਸੂਰਜ ਮਸੀਹ, ਜੌਨ ਮਸੀਹ, ਜਾਰਜ ਮਸੀਹ, ਮਹਿੰਦਰ ਮਸੀਹ, ਸਾਵਲ ਮਸੀਹ, ਸੈਮੂਅਲ ਮਸੀਹ ਜੋਧਾ ਮਸੀਹ ਵਾਸੀਆਨ ਸਿਕਾਰ ਮਾਛੀਆਂ ਅਤੇ 20/25 ਨਾ-ਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 153 ਜੁਰਮ 109,132,221,191(3),190 ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ।