ਮੰਗਾਂ ਨੂੰ ਲੈ ਕੇ ਡੀਪੂ ਹੋਲਡਰ ਚੰਡੀਗੜ੍ਹ ਰਵਾਨਾ ਮੰਗਾਂ ਨੂੰ ਲੈ ਕੇ ਧਾਰੀਵਾਲ ਤੋਂ ਵੱਡੀ ਗਿਣਤੀ ਵਿੱਚ ਡੀਪੂ ਹੋਲਡਰ ਚੰਡੀਗੜ੍ਹ ਰਵਾਨਾ
Publish Date: Mon, 05 Oct 2026 04:31 PM (IST)
Updated Date: Mon, 05 Oct 2026 04:35 PM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ : ਸੂਬੇ ਭਰ ਦੇ ਰਾਸ਼ਨ ਡੀਪੂ ਹੋਲਡਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ’ਚ ਸ਼ਾਮਲ ਹੋਣ ਲਈ ਧਾਰੀਵਾਲ ਤੋਂ ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਸੋਹਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਡੀਪੂ ਹੋਲਡਰ ਰਵਾਨਾ ਹੋਏ। ਚੰਡੀਗੜ੍ਹ ਜਾਣ ਤੋਂ ਪਹਿਲਾਂ ਡੀਪੂ ਹੋਲਡਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਵੰਡੇ ਗਏ ਰਾਸ਼ਨ ਦੀ ਕਮਿਸ਼ਨ ਸਮੇਂ ਸਿਰ ਜਾਰੀ ਨਹੀਂ ਕੀਤੀ ਜਾਂਦੀ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਡੀਪੂਆਂ ’ਤੇ ਪਹੁੰਚਣ ਵਾਲੇ ਰਾਸ਼ਨ ਦੀ ਗੁਣਵੱਤਾ ਅਤੇ ਮਿਕਦਾਰ ਦੀ ਸਹੀ ਜਾਂਚ ਨਹੀਂ ਹੁੰਦੀ। ਕਈ ਵਾਰ ਕਥਿਤ ਤੌਰ ’ਤੇ ਨਾ ਖਾਣਯੋਗ ਰਾਸ਼ਨ ਵੀ ਉਨ੍ਹਾਂ ਨੂੰ ਚੁੱਕ ਕੇ ਵੰਡਣ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੰਡੇ ਦੇ ਖਰਚੇ, ਡਰਾਈਵਰ ਨੂੰ ਰਾਸ਼ਨ ਉਤਾਰਨ ਸਬੰਧੀ ਦਿੱਤੇ ਜਾਣ ਵਾਲੇ ਪੈਸੇ ਅਤੇ ਰਾਸ਼ਨ ਡੀਪੂ ’ਤੇ ਅਣਲੋਡ ਕਰਨ ਲਈ ਲੇਬਰ ਦਾ ਖਰਚਾ ਵੀ ਅਕਸਰ ਡੀਪੂ ਹੋਲਡਰਾਂ ਨੂੰ ਆਪਣੀ ਜੇਬ ਵਿੱਚੋਂ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਡੀਪੂ ਹੋਲਡਰਾਂ ਨੇ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਤੋਂ ਖਰੀਦੀ ਜਾਣ ਵਾਲੀ ਕਣਕ ਦੀ ਬੋਰੀ 50 ਕਿਲੋ ਦੀ ਹੁੰਦੀ ਹੈ, ਪਰ ਡੀਪੂਆਂ ’ਤੇ ਪਹੁੰਚਣ ਸਮੇਂ ਕਈ ਬੋਰੀਆਂ ਦਾ ਵਜ਼ਨ 52 ਕਿਲੋ ਤੋਂ ਵੱਧ ਹੁੰਦਾ ਹੈ। ਉਨ੍ਹਾਂ ਇਸ ਦੀ ਜਾਂਚ ਦੇ ਨਾਲ-ਨਾਲ ਡੀਪੂਆਂ ’ਤੇ ਸਟਾਕ ਕੀਤੇ ਰਾਸ਼ਨ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦੀ ਮੰਗ ਕੀਤੀ।