- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲੱਗਾ

ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲੱਗਾ, ਕਿਹਾ- ਸੂਬੇ 'ਚ ਝੋਨੇ ਦੀ ਖਰੀਦ ਦੇ ਲਈ ਪ੍ਰਬੰਧ ਮੁਕੰਮਲ
ਸਰਬਜੀਤ ਚਾਹਲ, ਪੰਜਾਬੀ ਜਾਗਰਣ
ਗੁਰਦਾਸਪੁਰ: ਪੀਏਯੂ ਦੇ ਕਿਸਾਨ ਮੇਲਿਆਂ ਦੀ ਲੜੀ ਵਿਚ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲੱਗਾ। ਇਸ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ਿਰਕਤ ਕੀਤੀ। ਸੈਸ਼ਨ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਨੇ ਕੀਤੀ। ਆਪ ਹਲਕਾ ਇੰਚਾਰਜ ਰਮਨ ਬਹਿਲ, ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ, ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਵਿਸ਼ੇਸ਼ ਮਹਿਮਾਨਾਂ ਵਜੋਂ ਹੋਰ ਪਤਵੰਤਿਆਂ ਨਾਲ ਮੰਚ ਉੱਪਰ ਮੌਜੂਦ ਰਹੇ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪੀਏਯੂ ਖੇਤੀ ਵਿਗਿਆਨ ਅਤੇ ਆਸਥਾ ਦਾ ਕੇਂਦਰ ਹੈ। ਇਸਨੇ ਪੰਜਾਬ ਸੂਬੇ ਦੀ ਖੇਤੀ ਨੂੰ ਅਗਾਂਹਵਧੂ ਲੀਹਾਂ ਉੱਪਰ ਤੋਰਨ ਲਈ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਦਾ ਖੇਤ ਅਸਲ ਪ੍ਰਯੋਗਸ਼ਾਲਾ ਹੁੰਦੀ ਹੈ, ਜਿਸ ਵਿਚ ਖੇਤੀ ਖੋਜਾਂ ਦੀ ਕਸੌਟੀ ਵਾਂਗ ਪਰਖ ਹੁੰਦੀ ਹੈ। ਇਸ ਲਈ ਕਿਸਾਨ ਦਾ ਦਰਜਾ ਖੇਤੀ ਵਿਗਿਆਨੀ ਜਿੰਨਾ ਹੀ ਮਹੱਤਵ ਵਾਲਾ ਹੈ। ਮੌਜੂਦਾ ਖੇਤੀ ਵੰਗਾਰਾਂ ਦੀ ਗੱਲ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਨੂੰ ਮੁਕੰਮਲ ਦੱਸਿਆ ਅਤੇ ਇਸ ਬਾਰੇ ਲੋੜੀਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਕੈਬਨਿਟ ਮੰਤਰੀ ਨੇ ਪਾਣੀ ਦੀ ਸੰਭਾਲ ਲਈ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗੁਰਦਾਸਪੁਰ ਦੇ ਖੇਤਰੀ ਖੋਜ ਕੇਂਦਰ ਵਲੋਂ ਖੇਤੀ ਕਿਸਾਨੀ ਦੇ ਵਿਕਾਸ ਲਈ ਪਾਏ ਯੋਗਦਾਨ ਨੂੰ ਅੰਕਿਤ ਕੀਤਾ ਅਤੇ ਮੌਜੂਦਾ ਸਮੇਂ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ। ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਤੋਂ ਪਹਿਲਾਂ ਹਰ ਹਾਲ ਮਿੱਟੀ ਪਰਖ ਕਰਾਉਣ ਅਤੇ ਪਾਣੀ ਦੀ ਸੰਭਾਲ ਲਈ ਯੂਨੀਵਰਸਿਟੀ ਦੀਆਂ ਤਕਨੀਕਾਂ ਉੱਪਰ ਅਮਲ ਕਰਨ ਲਈ ਵਿਸ਼ੇਸ਼ ਤੌਰ ਤੇ ਪ੍ਰੇਰਕ ਸ਼ਬਦ ਆਖੇ।
ਪੀਏਯੂ ਦੇ ਵਾਈਸ ਚਾਂਸਲਰ ਸੁਖਜੀਤਪਾਲ ਸਿੰਘ ਆਈਏਐੱਸ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਮੇਲੇ ਦਾ ਮਕਸਦ ਕਿਸਾਨਾਂ ਅਤੇ ਮਾਹਿਰਾਂ ਦੇ ਵਿਚਾਰਾਂ ਦਾ ਸੰਚਾਰ ਤੇ ਸੰਵਾਦ ਹੈ। ਇਸ ਲਈ ਮੇਲੇ ਦਾ ਉਦੇਸ਼ ਵਿਗਿਆਨਕ ਢੰਗ ਅਪਣਾਓ, ਖੇਤੀ ਆਮਦਨ ਵਧਾਓ ਰੱਖਿਆ ਗਿਆ ਹੈ। ਨਾਲ ਹੀ ਕਿਸਾਨਾਂ ਦੇ ਤਜਰਬਿਆਂ ਤੋਂ ਮਾਹਿਰਾਂ ਨੂੰ ਸਿੱਖਣ ਦਾ ਮੌਕਾ ਮਿਲਦਾ ਰਹਿੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮਾਹਿਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਖੇਤੀ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ ਤਾਂ ਹੀ ਵਾਤਾਵਰਨ ਦੀ ਸੰਭਾਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਸਕੇਗਾ। ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਝੋਨੇ ਦੀ ਵਾਢੀ ਦੌਰਾਨ ਪਰਾਲੀ ਸੰਭਾਲ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪਰਾਲੀ ਨੂੰ ਸਮੱਸਿਆ ਦੀ ਥਾਂ ਇਕ ਸਰੋਤ ਬਣਾਇਆ ਜਾਵੇ। ਇਸ ਕਾਰਜ ਲਈ ਕਣਕ ਦੀ ਬਿਜਾਈ ਦੇ ਵਾਤਾਵਰਨ ਪੱਖੀ ਢੰਗ ਸਰਫ਼ੇਸ ਸੀਡਿੰਗ ਬਾਰੇ ਜਾਣਕਾਰੀ ਦਿੱਤੀ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਹਾੜ੍ਹੀ ਸੀਜ਼ਨ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਡਾ. ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਨਾਲ ਦੇਸ਼ ਦੇ ਖੇਤੀ ਵਿਕਾਸ ਵਿਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀਏਯੂ ਨੇ ਹੁਣ ਤਕ 990 ਤੋਂ ਵਧੇਰੇ ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਦਿੱਤੀਆਂ ਹਨ। ਇਨ੍ਹਾਂ ਵਿਚੋਂ 250 ਤੋਂ ਵੱਧ ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ ਉੱਪਰ ਕਾਸ਼ਤ ਲਈ ਹੋਈ ਹੈ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਕਿਸਾਨ ਮੇਲੇ ਹਾੜ੍ਹੀ ਅਤੇ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਲਾਏ ਜਾਂਦੇ ਹਨ। ਹਾੜ੍ਹੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ। ਇਸ ਮੇਲੇ ਦੌਰਾਨ ਵੱਖ-ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ। ਕਿਸਾਨਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।