
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਧੁਨਿਕ ਸਹੂਲਤਾਂ ਤੋਂ ਸੱਖਣਾ ਸਰਕਾਰੀ ਹਸਪਤਾਲ ਘੁਮਾਣ ਬਣਿਆ ਚਿੱਟਾ ਹਾਥੀ

ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ
ਘੁਮਾਣ: ਇੱਕ ਡਾਕਟਰ ਦੇ ਆਸਰੇ ਚੱਲ ਰਿਹਾ ਹੈ ਸਰਕਾਰੀ ਹਸਪਤਾਲ ਘੁਮਾਣ ਅਤੇ ਕਦੇ ਕਈ- ਕਈ ਦਿਨ ਕੋਈ ਵੀ ਡਾਕਟਰ ਹਸਪਤਾਲ ਵਿੱਚ ਨਹੀਂ ਹੁੰਦਾ। ਆਧੁਨਿਕ ਸਹੂਲਤਾਂ ਤੋਂ ਸੱਖਣਾ ਇਹ ਸਰਕਾਰੀ ਹਸਪਤਾਲ ਚਿੱਟਾ ਹਾਥੀ ਬਣਕੇ ਵਿਭਾਗ ਅਤੇ ਸਰਕਾਰ ਨੂੰ ਮੂੰਹ ਚਿੜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਨੇ ਬੀਤੇ ਦਿਨੀਂ ਹਸਪਤਾਲ ਦੇ ਬਾਹਰ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਨ 2000 ਵਿੱਚ ਮਰਾਠੀ ਸੰਮੇਲਨ ਦੌਰਾਨ 25 ਬੈਂਡ ਦੇ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਪਹਿਲਾਂ ਘੁਮਾਣ ਨੂੰ ਡਿਸਪੈਂਸਰੀ ਵੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਲਾਕੇ ਦੇ ਕਰੀਬ 50 ਤੋਂ ਵੱਧ ਪਿੰਡਾਂ ਦੇ ਲੋਕਾਂ ਦੀਆਂ ਸਹੂਲਤਾਂ ਵਾਲਾ ਕਮਿਊਨਟੀ ਹੈਲਥ ਸੈਂਟਰ ਘੁਮਾਣ ਇੱਕ ਡਾਕਟਰ ਦੇ ਆਸਰੇ ਚੱਲ ਰਿਹਾ ਹੈ। ਉਨਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਇਹ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਅਤੇ ਇਸ ਹਸਪਤਾਲ ਵਿੱਚ ਕਈ-ਕਈ ਦਿਨ ਡਾਕਟਰ ਹੀ ਨਹੀਂ ਹੁੰਦਾ, ਜਿਸਦੇ ਚਲਦਿਆਂ ਲੋਕ ਡਾਕਟਰ ਨਾ ਹੋਣ ਕਾਰਨ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਆਪ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਸਿਹਤ ਸਹੂਲਤਾਂ ਸਬੰਧੀ ਬੇਹੱਦ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ, ਪਰ ਘੁਮਾਣ ਸਥਿਤ ਸਿਹਤ ਕੇਂਦਰ ਨੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਗਈ ਹੈ। ਦੇਖਣ ਵਿੱਚ ਆਇਆ ਹੈ ਕਿ ਏਥੇ ਸਿਹਤ ਸਹੂਲਤਾਂ ਨਾ ਮਾਤਰ ਮਿਲਦੀਆਂ ਹਨ। ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਅੱਗੇ ਕਿਹਾ ਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਇਸ ਹਸਪਤਾਲ ਵਿੱਚ ਹਰ ਬਿਮਾਰੀ ਦਾ ਮਾਹਿਰ ਡਾਕਟਰ ਇੱਥੇ ਹੁੰਦਾ ਸੀ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕੁੰਭਕਰਨੀਂ ਨੀਂਦ ਤੋਂ ਜਾਗੋ ਤੇ ਇਸ ਹਸਪਤਾਲ ਵਿੱਚ ਮਾਹਰ ਡਾਕਟਰ ਭੇਜੋ।