ਕਰੋੜਾਂ ਨਾਲ ਤਿਆਰ ਆਲੀਸ਼ਾਨ ਕੰਪਲੈਕਸ ਉਦਘਾਟਨ ਤੋਂ ਪਹਿਲਾਂ ਹੀ ਬਣ ਰਿਹਾ ਜੰਗਲ ਕਰੋੜਾਂ ਨਾਲ ਤਿਆਰ ਆਲੀਸ਼ਾਨ ਕੰਪਲੈਕਸ ਉਦਘਾਟਨ ਤੋਂ ਪਹਿਲਾਂ ਹੀ ਬਣ ਰਿਹਾ ਜੰਗਲ
Publish Date: Wed, 12 Aug 2026 05:33 PM (IST)
Updated Date: Wed, 12 Aug 2026 05:35 PM (IST)
--ਪਿਛਲੇ ਅੱਠ ਸਾਲਾਂ ਤੋਂ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਚੱਲ ਰਿਹਾ ਹੈ ਆਰਜੀ ਤੌਰ ਤੇ ਐੱਸਡੀਐੱਮ ਦਫਤਰ ਜੀਆਰਪੀ- ਤਹਿਸੀਲ ਕੰਪਲੈਕਸ ਦੀ ਇਮਾਰਤ ਦੇ ਗੇਟ ਸਾਹਮਣੇ ਉੱਗਿਆ ਘਾਹ। ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਇਤਿਹਾਸਿਕ ਕਸਬਾ ਕਲਾਨੌਰ ਵਿੱਚ ਬਾਰਡਰ ਪੱਟੀ ਨਾਲ ਸਬੰਧਤ ਸੈਂਕੜੇ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਤਿੰਨ ਮੰਜ਼ਲੀ ਸਬ ਡਿਵੀਜ਼ਨ ਅਤੇ ਤਹਿਸੀਲ ਕੰਪਲੈਕਸ ਦੀ ਆਲੀਸ਼ਾਨ ਇਮਾਰਤ ਦਾ ਉਦਘਾਟ ਨਾ ਹੋਣ ਕਾਰਨ ਇਹ ਇਮਾਰਤ ਦਾ ਚੌਗਿਰਦਾ ਜੰਗਲ ਬਣਿਆ ਹੋਇਆ ਹੈ। ਜਦਕਿ ਅਕਾਲੀ ਭਾਜਪਾ ਸਰਕਾਰ ਵੱਲੋਂ 2017 ਵਿੱਚ ਬਣਾਈ ਗਈ ਸਬ ਡਿਵੀਜ਼ਨ ਕਲਾਨੌਰ ਪਿਛਲੇ 8 ਸਾਲਾਂ ਤੋਂ ਮਾਰਕੀਟ ਕਮੇਟੀ ਦਫਤਰ ਕਲਾਨੌਰ ਦੀ ਬਿਲਡਿੰਗ ਵਿੱਚ ਚੱਲ ਰਹੀ ਹੈ। ਇਥੇ ਦੱਸਣ ਯੋਗ ਹੈ ਕਿ ਪੰਜਾਬ ਦੀ ਨਾਮਵਰ ਗ੍ਰਾਮ ਪੰਚਾਇਤ ਕਲਾਨੌਰ ਦੀ ਜ਼ਮੀਨ ਜੋ ਕਲਾਨੌਰ ਗੁਰਦਾਸਪੁਰ, ਡੇਰਾ ਬਾਬਾ ਨਾਨਕ ਹਾਈਵੇ 354 ਅਤੇ ਬੱਸ ਸਟੈਂਡ ਕਲਾਨੌਰ ਨਜ਼ਦੀਕ ਸਥਿਤ ਹੈ, ਤੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੁਰਾਣੇ ਬਣੇ ਗੁਦਾਮਾਂ ਨੂੰ ਢਾਹ ਕੇ ਇਸ ਸਥਾਨ ਤੇ ਸਥ ਡਿਵੀਜ਼ਨ ਕਲਾਨੌਰ ਦੇ ਐੱਸਡੀਐੱਮ ਦਫਤਰ ਤੋਂ ਇਲਾਵਾ ਤਹਿਸੀਲ ਕੰਪਲੈਕਸ ਅਤੇ ਪਟਵਾਰਖਾਨਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਦਕਿ ਬਾਅਦ ਵਿੱਚ ਸੱਤਾ ਤੇ ਕਾਬਜ਼ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਲੋਕ ਨਿਰਮਾਣ ਵਿਭਾਗ ਦੀ ਦੇਖ ਰੇਖ ਹੇਠ ਵਿ 6 ਕਰੋੜ ਰੁਪਏ ਦੀ ਲਾਗਤ ਨਾਲ ਆਲੀਸ਼ਾਨ ਤਿੰਨ ਮੰਜ਼ਲੀ ਕੰਪਲੈਕਸ ਤਿਆਰ ਕਰਵਾਇਆ ਗਿਆ ਹੈ। ਜਿਸ ਵਿੱਚ ਪਹਿਲੀ ਮੰਜ਼ਲ ਵਿੱਚ ਐੱਸਡੀਐੱਮ ਦਫਤਰ ਜਿਸ ਵਿੱਚ ਐੱਸਡੀਐੱਮ ਕੋਰਟ, ਐੱਸਡੀਐੱਮ ਤੇ ਸਮੁੱਚੇ ਸਟਾਫ ਦਫ਼ਤਰ ਜੋ ਏਅਰ ਕੰਡੀਸ਼ਨਰ ਹੈ ਜਦਕਿ ਦੂਸਰੀ ਮੰਜ਼ਿਲ ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦਾ ਦਫਤਰ ਅਤੇ ਕੋਰਟਾ ਤੋਂ ਇਲਾਵਾ ਸਟਾਫ ਦਾ ਦਫ਼ਤਰ ਜੋ ਏਅਰ ਕੰਡੀਸ਼ਨਰ ਹੈ, ਜਦਕਿ ਤੀਸਰੀ ਮੰਜ਼ਿਲ ਤੇ ਪਟਵਾਰਖਾਨਾ ਬਣਾਇਆ ਗਿਆ ਹੈ ਜਿਸ ਵਿੱਚ ਫਰਦ ਕੇਂਦਰ ਤੋਂ ਇਲਾਵਾ ਪਟਵਾਰੀਆ ਦੇ ਬੈਠਣ ਲਈ ਵੱਖ-ਵੱਖ ਕੈਬਿਨ ਅਤੇ ਕਾਨੂੰਗੋ ਲਈ ਦਫਤਰ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਪਲੈਕਸ ਵਿੱਚ ਗ੍ਰੀਨੇਟ ਪੱਥਰ ,ਟਾਈਲਾ ਲਗਾਉਣ ਤੋਂ ਇਲਾਵਾ ਪੀਣ ਲਈ ਸ਼ੁੱਧ ਤੇ ਠੰਡੇ ਪਾਣੀ ਲਈ ਆਰਓ ਸਿਸਟਮ ਲਗਾਏ ਗਏ ਹਨ ਅਤੇ ਕੰਪਲੈਕਸ ਲਈ ਅਲੱਗ-ਅਲੱਗ ਪਾਰਕਿੰਗ ਬਣਾਉਣ ਤੋਂ ਇਲਾਵਾ ਇਸ ਕੰਪਲੈਕਸ ਨੂੰ ਰੰਗ ਰੋਗਣ ਕਰਕੇ ਚਮਕਾਇਆ ਗਿਆ ਹੈ ਪਰੰਤੂ ਇਸ ਕੰਪਲੈਕਸ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਵੀ ਅਜੇ ਤੱਕ ਇਸ ਦਾ ਉਦਘਾਟਨ ਨਹੀਂ ਹੋ ਸਕਿਆ। ਇਸ ਕਾਰਨ ਕੰਪਲੈਕਸ ਦੇ ਬਾਹਰੀ ਗੇਟ ਅਤੇ ਚੌਗਿਰਦੇ ਵਿੱਚ ਵੱਡੇ ਪੱਧਰ ਤੇ ਜੰਗਲ ਬੂਟੀ ਉੱਗਣ ਕਾਰਨ ਕੰਪਲੈਕਸ ਦੇ ਗੇਟਾਂ ਨੇ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਹੈ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਐੱਸਡੀਐੱਮ ਕੰਪਲੈਕਸ ਕਲਾਨੌਰ ਦਾ ਕੰਮ ਮੁਕੰਮਲ ਹੋ ਚੁੱਕਾ ਹੈ।