- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਪੁਲਿਸ ਲਾਈਨ ਵਿਖੇ 67ਵਾਂ ਪੁਲਿਸ ਸ਼ਹੀਦੀ ਦਿਵਸ ਮਨਾਇਆ

ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਸ਼ਹੀਦੀ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਦੇਸ਼ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ 117 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੌਨ ਧਾਰਨ ਕਰਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਸਲਾਮੀ ਦਿੱਤੀ।ਇਸ ਮੌਕੇ ਬਟਾਲਾ ਦੇ ਐੱਸਐੱਸਪੀ ਡਾ. ਮਹਿਤਾਬ ਸਿੰਘ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਸਮਾਗਮ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਨਿਆਂਇਕ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ।ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਵਿਛੜੇ ਪਿਆਰਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ’ਤੇ ਮਾਣ ਹੈ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਦੇ ਨਾਲ ਹੀ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਣ ਵਾਲੀ ਪੈਨਸ਼ਨ ਮੌਜੂਦਾ ਮਹਿੰਗਾਈ ਦੇ ਮੁਕਾਬਲੇ ਘੱਟ ਹੈ। ਉਨ੍ਹਾਂ ਸਰਕਾਰ ਤੋਂ ਪੈਨਸ਼ਨ ਵਿੱਚ ਵਾਧਾ ਕਰਨ ਦੀ ਮੰਗ ਕੀਤੀ, ਤਾਂ ਜੋ ਸ਼ਹੀਦ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਕੁਝ ਰਾਹਤ ਮਿਲ ਸਕੇ। ਇਸ ਮੌਕੇ ਐੱਸਐੱਸਪੀ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਪੁਲਿਸ ਸ਼ਹੀਦੀ ਦਿਵਸ ਸਾਨੂੰ ਉਨ੍ਹਾਂ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਅਤੇ ਲੋਕਾਂ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਇਹ ਭਰੋਸਾ ਵੀ ਦਿਵਾਇਆ ਜਾਂਦਾ ਹੈ ਕਿ ਪੰਜਾਬ ਪੁਲਿਸ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨਾਂ ਅੱਜ ਦੇ 21 ਅਕਤੂਬਰ ਦਿਨ ਦਾ ਇਤਿਹਾਸ ਦੱਸਦਿਆਂ ਦੱਸਿਆ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹੋਟ ਸਪਰਿੰਗ ਖੇਤਰ ਵਿਚ ਸੀ.ਆਰ.ਪੀ.ਐਫ ਤੇ ਇੰਨਟੈਲੀਜੈਸ ਬਿਊਰੋ ਦੀ ਸਾਂਝੀ ਪੈਟਰੋਲਿੰਗ ਪਾਰਟੀ, ਭਾਰਤ-ਚੀਨ ਦੀ ਸਰਹੱਦ ਤੇ ਗਸ਼ਤ ਕਰ ਰਹੀ ਸੀ ਤੇ ਇਸ ਪਾਰਟੀ ਵਿਚ ਕਰੀਬ 10 ਜਵਾਨ ਹੀ ਸ਼ਾਮਿਲ ਸਨ ਤੇ ਚੀਨੀ ਫੋਜਾਂ ਨੇ ਹਮਲਾ ਕਰ ਦਿੱਤਾ ਪਰ ਇਨਾਂ ਜਵਾਨਾਂ ਨੇ ਬਹੁਤ ਬਹਾਦਰੀ ਨਾਲ ਦੁਸ਼ਮਣਾ ਦਾ ਟਾਕਰਾ ਕੀਤਾ ਤੇ ਉਨਾਂ ਦੇ ਦੰਦ ਖੱਟ ਕੀਤੇ ਪਰ ਆਪਣੀ ਮਾਤਰ ਭੂਮੀ ਵਿਚ ਦਾਖਲ ਨਹੀਂ ਹੋਣ ਦਿੱਤਾ। ਉਸੇ ਦਿਨ ਦੀ ਯਾਦ ਵਿਚ ਅੱਜ ਪੂਰੇ ਭਾਰਤ ਵਿਚ‘ ਪੁਲਸ ਸ਼ਹੀਦੀ ਦਿਵਸ’ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 1960 ਵਿਚ ਕੀਤੀ ਗਈ। ਇਸ ਤੋਂ ਪਹਿਲਾਂ ਡੀ.ਐੱਸ.ਪੀ ਤੇਜਿੰਦਰਪਾਲ ਸਿੰਘ ਗੁਰਾਇਆ ਵਲੋਂ ਸ਼ਹੀਦ ਹੋਏ ਜਵਾਨਾਂ ਤੇ ਅਧਿਕਾਰੀਆਂ ਦੇ ਨਾਂਅ ਪੜ੍ਹ ਕੇ ਸੁਣਾਏ ਗਏ। ਉਪਰੰਤ ਡੀਐੱਸਪੀ ਸਮੀਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਸ ਦੇ ਜਵਾਨਾਂ ਵਲੋਂ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ ਤੇ ਸਮਾਗਮ ਵਿਚ ਪੁਹੰਚੀਆਂ ਸਮੂਹ ਹਸਤੀਆਂ ਵਲੋਂ ਸ਼ਹੀਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਏ। ਉਪਰੰਤ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਪਰਿਵਾਰ ਵਾਲਿਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ। ਇਸ ਮੌਕੇ ਐੱਸਪੀ (ਐੱਚ) ਖੁਸ਼ਬੀਰ ਕੌਰ, ਐੱਸਪੀ ਨਵਜੋਤ ਸਿੰਘ ਸੰਧੂ, ਡੀਐੱਸਪੀ ਸਿਟੀ ਸੁਖਇੰਦਰ ਸਿੰਘ, ਡੀਐੱਸਪੀ ਫਤਿਹਗੜ੍ਹ ਚੂੜੀਆਂ ਲਲਿਤ ਕੁਮਾਰ, ਡੀਐੱਸਪੀ ਡੇਰਾ ਬਾਬਾ ਨਾਨਕ ਜੋਗਾ ਸਿੰਘ ਸਮੇਤ ਸਮੂਹ ਡੀਐੱਸਪੀਜ਼, ਐੱਸਐੱਚਓਜ਼ ਆਦਿ ਹਾਜ਼ਰ ਸਨ।