- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਖ ਵੱਖ ਸੜਕ ਹਾਦਸਿਆਂ ’ਚ ਔਰਤ ਸਣੇ 6 ਜ਼ਖਮੀ

ਸੁਖਦੇਵ ਸਿੰਘ\ਰਾਜਨ ਤਰੇਹਨ, ਪੰਜਾਬੀ ਜਾਗਰਣ, ਬਟਾਲਾ: ਅੱਜ ਬਟਾਲਾ ਵਿਖੇ ਹੋਏ ਦੋ ਵੱਖ ਵੱਖ ਸੜਕ ਹਾਦਸਿਆਂ ’ਚ 6 ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿੰਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਪਹਿਲਾ ਹਾਦਸਾ ਅੱਡਾ ਘਸੀਟਪੁਰ ਨੇੜੇ ਵਾਪਰਿਆ ਜਿਥੇ ਦੋ ਕਾਰਾਂ ਤੇ ਇਕ ਸਕੂਟਰ ਦੀ ਟੱਕਰ ਹੋਈ। ਜਦਕਿ ਦੂਜਾ ਹਾਦਸਾ ਅੱਡਾ ਸ਼ੂਗਰ ਮਿੱਲ ਨੇੜੇ ਵਾਪਰਿਆ, ਜਿਸ ਵਿਚ ਇਕ ਵਿਅਕਤੀ ਜ਼ਖਮੀ ਹੋਇਆ ਹੈ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਏਐੱਸਆਈ ਪ੍ਰਗਟ ਸਿੰਘ ਨੇ ਸਿਪਾਹੀ ਨਵਜੀਤ ਕੁਮਾਰ ਦੀ ਹਾਜ਼ਰੀ ਵਿੱਚ ਦੱਸਿਆ ਕਿ ਬਟਾਲਾ ਤੋਂ ਅੰਮ੍ਰਿਤਸਰ ਨੂੰ ਇੱਕ ਕਾਰ ਜਾ ਰਹੀ ਸੀ ਜਦੋਂ ਇਹ ਕਾਰ ਅੱਡਾ ਘਸੀਟਪੁਰ ਨੇੜੇ ਪਹੁੰਚੀ ਤਾਂ ਇਸੇ ਅੱਗੇ ਅੱਗੇ ਜਾ ਰਹੇ ਇਕ ਸਕੂਟਰ ਨੇ ਅਚਾਨਕ ਕੱਟ ਮਾਰ ਦਿੱਤਾ, ਜਿਸਦੇ ਸਿੱਟੇ ਵਜੋਂ ਉਕਤ ਪਹਿਲਾਂ ਸਕੂਟਰ ਵਿੱਚ ਜਾ ਵੱਜੀ ਤੇ ਉਪਰੰਤ ਬੇਕਾਬੂ ਹੋ ਕੇ ਦੂਸਰੀ ਸਾਈਡ ਵੱਲੋਂ ਆ ਰਹੀ ਕਾਰ ਨਾਲ ਜਾ ਟਕਰਾਈ। ਉਕਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹੋਏ ਹਾਦਸੇ ’ਚ ਕੁੱਲ ਪੰਜ ਜਣੇ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਨਿਤਿਸ਼ ਕੁਮਾਰ ਪੁੱਤਰ ਸਤੀਸ਼ ਕੁਮਾਰ ਤੇ ਸ਼ਿਵਾਨੀ ਪਤਨੀ ਨਿਤੀਸ਼ ਕੁਮਾਰ ਵਾਸੀਆਨ ਦਿੱਲੀ, ਸਾਜਨ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਪੱਟੀ, ਕਸ਼ਮੀਰ ਸਿੰਘ ਪੁੱਤਰ ਰੁਲਦਾ ਸਿੰਘ ਵਾਸੀ ਘਸੀਟਪੁਰ ਅਤੇ ਚਰਨਜੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਝੰਡਾ ਲਵਾਣਾ ਥਾਣਾ ਕਾਹਨੂੰਵਾਨ ਵਜੋਂ ਹੋਈ ਹੈ। ਦੂਜੇ ਸੜਕ ਹਾਦਸੇ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੇ ਟੀਮ ਦੇ ਏਐੱਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਅਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਰਣੀਆ, ਧਾਰੀਵਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਇਹ ਬਟਾਲਾ ਸ਼ੂਗਰ ਮਿੱਲ ਨੇੜੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਇਸ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਇਸਦੇ ਸਿਰ ਵਿੱਚ ਸੱਟਾਂ ਲੱਗ ਗਈਆਂ ਅਤੇ ਇਹ ਗੰਭੀਰ ਜ਼ਖਮੀ ਹੋ ਗਿਆ। ਉਕਤ ਥਾਣੇਦਾਰ ਨੇ ਅੱਗੇ ਦੱਸਿਆ ਕਿ ਉਕਤ ਜ਼ਖਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।