
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੋਮਨੀ ਨਾਲੇ ਦੇ ਪਾਣੀ ਦੀ ਲਪੇਟ ਵਿੱਚ ਆਈ 550 ਏਕੜ ਫ਼ਸਲ ਬਰਬਾਦ, ਕਿਸਾਨਾਂ ਵਿੱਚ ਰੋਸ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਪਿਛਲੇ ਦਿਨਾਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਨੋਮਨੀ ਨਾਲੇ ਦੇ ਉਫਾਨ ਨਾਲ ਕਲਾਨੌਰ ਖੇਤਰ ਦੇ ਪਿੰਡ ਆਦੀਆ ਅਤੇ ਬਾਊਪੁਰ ਵਿੱਚ ਲਗਭਗ 550 ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਇਸ ਨਾਲ ਖੇਤਰ ਦੇ ਕਿਸਾਨ ਕਾਫ਼ੀ ਚਿੰਤਤ ਹਨ ਅਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ ਹਨ। ਇਸ ਦੇ ਨਾਲ ਹੀ ਧੁੱਸੀ ਦੇ ਸੁਚੇਤ ਬੰਨ੍ਹ ਦੇ ਹੇਠਾਂ ਫਸੀ ਬੂਟੀ ਕਾਰਨ ਵੀ ਪਾਣੀ ਦਾ ਅੱਗੇ ਨਿਕਾਸ ਨਹੀਂ ਹੋ ਪਾ ਰਿਹਾ।
ਕਿਸਾਨ ਸੁਖਵਿੰਦਰ ਸਿੰਘ ਆਦੀਆ, ਕਰਨੈਲ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨੋਮਨੀ ਨਾਲੇ ਦੀ ਸਮੇਂ ਸਿਰ ਸਫ਼ਾਈ ਨਹੀਂ ਕਰਵਾਈ, ਜਿਸ ਕਾਰਨ ਬਾਰਿਸ਼ ਦੌਰਾਨ ਨਾਲੇ ਦਾ ਪਾਣੀ ਓਵਰਫਲੋ ਹੋ ਗਿਆ ਅਤੇ ਆਸ-ਪਾਸ ਦੇ ਖੇਤਾਂ ਵਿੱਚ ਵੜ ਗਿਆ। ਇਸ ਕਾਰਨ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਸਮੱਸਿਆ ਹਰ ਸਾਲ ਦੁਹਰਾਈ ਜਾਂਦੀ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਗੰਭੀਰਤਾ ਨਹੀਂ ਦਿਖਾਉਂਦਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਆਈ ਬਾੜ੍ਹ ਕਾਰਨ ਇਸੇ ਇਲਾਕੇ ਵਿੱਚ 1250 ਏਕੜ ਤੋਂ ਵੱਧ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ, ਜਿਸ ਦਾ ਹੁਣ ਤੱਕ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਹਾਦਸੇ ਤੋਂ ਵੀ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਸਿੱਖਿਆ ਅਤੇ ਨਾਲੇ ਦੀ ਸਫ਼ਾਈ-ਸੁਥਰਾਈ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਨਾਲੇ ਦੀ ਸਫ਼ਾਈ ਅਤੇ ਸੁਧਾਰ ਕਾਰਜ ਨਹੀਂ ਕੀਤੇ ਗਏ ਤਾਂ ਭਵਿੱਖ ਵਿੱਚ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਅਤੇ ਸਥਾਈ ਹੱਲ ਲਈ ਨੋਮਨੀ ਨਾਲੇ ਦਾ ਵਿਆਪਕ ਸੁਧਾਰ ਕੀਤਾ ਜਾਵੇ। ਇਸ ਤੋਂ ਇਲਾਵਾ ਪਿਛਲੇ ਸਾਲ ਦੀ ਪ੍ਰਭਾਵਿਤ ਫ਼ਸਲ ਦਾ ਮੁਆਵਜ਼ਾ ਵੀ ਜਲਦ ਜਾਰੀ ਕੀਤਾ ਜਾਵੇ।