- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਂਗੂ ਦੇ 51 ਮਾਮਲੇ, ਸਿਹਤ ਵਿਭਾਗ ਦੀਆਂ 200 ਟੀਮਾਂ ਸਰਗਰਮ, ਸਭ ਤੋਂ ਵੱਧ 19 ਕੇਸ ਬਟਾਲਾ ਵਿੱਚ

ਪਲਵਿੰਦਰ ਸਿੰਘ, ਪੰਜਾਬੀ ਜਾਗਰਣ
ਗੁਰਦਾਸਪੁਰ: ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ 51 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ 19 ਮਾਮਲੇ ਬਟਾਲਾ ਸ਼ਹਿਰੀ ਤੋਂ ਹਨ, ਜਦਕਿ ਸਭ ਤੋਂ ਘੱਟ ਇੱਕ ਮਾਮਲਾ ਗੁਰਦਾਸਪੁਰ ਸ਼ਹਿਰੀ ਇਲਾਕੇ ਵਿੱਚ ਪਾਇਆ ਗਿਆ ਹੈ। ਵਿਭਾਗ ਦੀਆਂ ਕਰੀਬ 200 ਟੀਮਾਂ ਜ਼ਿਲ੍ਹੇ ਭਰ ਵਿੱਚ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਅਤੇ ਮੱਛਰਾਂ ਦੀ ਬ੍ਰੀਡਿੰਗ ਚੈੱਕ ਕਰਨ ਵਿੱਚ ਲੱਗੀਆਂ ਹੋਈਆਂ ਹਨ। ਟੀਮਾਂ ਨੂੰ ਜਿੱਥੇ ਵੀ ਮੱਛਰ ਦਾ ਲਾਰਵਾ ਮਿਲ ਰਿਹਾ ਹੈ ਉਸਨੂੰ ਤੁਰੰਤ ਨਸ਼ਟ ਕੀਤਾ ਜਾ ਰਿਹਾ ਹੈ। ਬ੍ਰੀਡਿੰਗ ਵਾਲੇ ਇਲਾਕਿਆਂ ਵਿੱਚ ਦਵਾਈ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਵਿਭਾਗ ਦੀਆਂ ਟੀਮਾਂ ਨੇ ਹੁਣ ਤੱਕ ਸ਼ਹਿਰੀ ਇਲਾਕਿਆਂ ਦੇ 1,12,473 ਘਰਾਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ਵਿੱਚੋਂ 2,507 ਘਰਾਂ ਵਿੱਚ ਮੱਛਰਾਂ ਦੀ ਬ੍ਰੀਡਿੰਗ ਪਾਈ ਗਈ ਹੈ। ਇਸ ਤੋਂ ਇਲਾਵਾ ਪੇਂਡੂ ਇਲਾਕਿਆਂ ਦੇ 1,09,727 ਘਰਾਂ ਦੀ ਜਾਂਚ ਦੌਰਾਨ 957 ਘਰਾਂ ਵਿੱਚ ਲਾਰਵਾ ਪਾਇਆ ਗਿਆ ਹੈ। ਇਹ ਅੰਕੜੇ ਦੱਸਦੇ ਹਨ ਕਿ ਅਜੇ ਸਾਵਧਾਨੀ ਦੀ ਲੋੜ ਘੱਟ ਨਹੀਂ ਹੈ। ਜ਼ਿਲ੍ਹਾ ਐਪੀਡੇਮੀਓਲੋਜਿਸਟ ਡਾ. ਮਮਤਾ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਲਗਾਤਾਰ ਫੀਲਡ ਵਿੱਚ ਸਰਗਰਮ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਆਸਪਾਸ ਪਾਣੀ ਜਮ੍ਹਾ ਨਹੀਂ ਹੋਣ ਦੇਣਾ ਚਾਹੀਦਾ ਤਾਂ ਜੋ ਮੱਛਰ ਨਾ ਪਨਪ ਸਕਣ। ਲੋਕਾਂ ਦੇ ਸਹਿਯੋਗ ਨਾਲ ਹੀ ਡੇਂਗੂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਮੁੱਖ ਤੌਰ 'ਤੇ ਦਿਨ ਵੇਲੇ ਕੱਟਦਾ ਹੈ, ਖਾਸ ਕਰਕੇ ਸਵੇਰ ਅਤੇ ਸ਼ਾਮ ਦੇ ਸਮੇਂ। ਇਹ ਸਾਫ਼ ਅਤੇ ਰੁਕੇ ਹੋਏ ਪਾਣੀ ਵਿੱਚ ਆਂਡੇ ਦਿੰਦਾ ਹੈ। ਇਸ ਲਈ ਘਰ ਦੇ ਅੰਦਰ ਅਤੇ ਆਸਪਾਸ ਪਾਣੀ ਜਮ੍ਹਾ ਨਾ ਹੋਣ ਦੇਣਾ ਬਹੁਤ ਜ਼ਰੂਰੀ ਹੈ।
--ਬਚਾਅ ਸਭ ਤੋਂ ਵੱਧ ਜ਼ਰੂਰੀ-
ਉਨ੍ਹਾਂ ਦੱਸਿਆ ਕਿ ਬਚਾਅ ਲਈ ਲੋਕਾਂ ਨੂੰ ਘਰਾਂ, ਦੁਕਾਨਾਂ, ਸਕੂਲਾਂ ਅਤੇ ਦਫ਼ਤਰਾਂ ਵਿੱਚ ਪਾਣੀ ਦੀ ਟੈਂਕੀ, ਕੂਲਰ, ਗਮਲੇ, ਟਾਇਰ, ਪੁਰਾਣੇ ਬਰਤਨ, ਫਰਿੱਜ ਦੀ ਟਰੇ, ਛੱਤ ਅਤੇ ਨਾਲੀਆਂ ਵਿੱਚ ਪਾਣੀ ਜਮ੍ਹਾ ਨਹੀਂ ਹੋਣ ਦੇਣਾ ਚਾਹੀਦਾ। ਹਫ਼ਤੇ ਵਿੱਚ ਇੱਕ ਦਿਨ ਡ੍ਰਾਈ-ਡੇ ਮਨਾਓ ਅਤੇ ਸਾਰੇ ਜਲਪਾਤਰਾਂ ਨੂੰ ਚੰਗੀ ਤਰ੍ਹਾਂ ਖਾਲੀ ਕਰਕੇ ਸੁਕਾਓ। ਪਾਣੀ ਦੀ ਟੈਂਕੀ ਨੂੰ ਢੱਕ ਕੇ ਰੱਖੋ। ਘਰਾਂ ਵਿੱਚ ਮੱਛਰਦਾਨੀ ਦਾ ਪ੍ਰਯੋਗ ਕਰੋ, ਖਿੜਕੀ-ਦਰਵਾਜ਼ਿਆਂ 'ਤੇ ਜਾਲੀ ਲਗਾਓ। ਦਿਨ ਵੇਲੇ ਵੀ ਪੂਰੀ ਬਾਂਹ ਵਾਲੇ ਕੱਪੜੇ ਪਹਿਨੋ ਅਤੇ ਮੱਛਰ ਭਜਾਉਣ ਵਾਲੀ ਕ੍ਰੀਮ ਜਾਂ ਸਪ੍ਰੇ ਦਾ ਇਸਤੇਮਾਲ ਕਰੋ। ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ। ਬੁਖਾਰ ਹੋਣ 'ਤੇ ਖੁਦ ਤੋਂ ਦਵਾ ਨਾ ਲਓ, ਬਲਕਿ ਡਾਕਟਰ ਦੀ ਸਲਾਹ ਲਓ। ਸਿਹਤ ਵਿਭਾਗ ਨੇ ਅਪੀਲ ਕੀਤੀ ਹੈ ਕਿ ਲੋਕ ਜਾਗਰੂਕਤਾ ਅਭਿਆਨ ਵਿੱਚ ਸਹਿਯੋਗ ਕਰਨ। ਜੇ ਕਿਸੇ ਘਰ ਜਾਂ ਆਸਪਾਸ ਮੱਛਰਾਂ ਦੀ ਬ੍ਰੀਡਿੰਗ ਦਿਖੇ ਤਾਂ ਸਬੰਧਤ ਵਿਭਾਗ ਨੂੰ ਸੂਚਿਤ ਕਰੋ।
--ਕਿਸ ਇਲਾਕੇ ਵਿੱਚ ਕਿੰਨੀ ਬ੍ਰੀਡਿੰਗ ਮਿਲੀ--
ਬਟਾਲਾ ਸ਼ਹਿਰੀ – 19
ਗੁਰਦਾਸਪੁਰ ਸ਼ਹਿਰੀ – 1
ਬਲਾਕ ਭੁੱਲਰ – 5
ਬਲਾਕ ਬਹਿਰਾਮਪੁਰ – 6
ਬਲਾਕ ਧਿਆਨਪੁਰ – 3
ਬਲਾਕ ਰਣਜੀਤ ਬਾਗ – 2
ਬਲਾਕ ਫਤਿਹਗੜ੍ਹ ਚੂੜੀਆਂ – 4
ਬਲਾਕ ਸ੍ਰੀਹਰਗੋਬਿੰਦਪੁਰ – 1
ਬਲਾਕ ਕਲਾਨੌਰ – 2
ਬਲਾਕ ਨੌਸ਼ਹਿਰਾ ਮੱਝਾ ਸਿੰਘ – 3
ਬਲਾਕ ਦੋਰਾਂਗਲਾ – 1
ਬਲਾਕ ਭਾਮ – 3
ਬਲਾਕ ਕਾਹਨੂੰਵਾਨ – 1