- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
500 ਡਰੋਨਾਂ ਨੇ ਕਾਦੀਆਂ ਦੇ ਅਸਮਾਨ ਨੂੰ ਕੀਤਾ ਰੌਸ਼ਨ,

ਤਾਰਿਕ ਅਹਿਮਦ\ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਕਾਦੀਆਂ: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਕਾਦੀਆਂ ਵਿਖੇ ਸ਼ਾਨਦਾਰ ਡਰੋਨ ਸ਼ੋਅ ਕਰਾਇਆ ਗਿਆ ਜਿਸ ਵਿੱਚ 500 ਡਰੋਨਾਂ ਨੇ ਅਸਮਾਨ ਨੂੰ ਰੁਸ਼ਨਾਉਂਦਿਆਂ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਬਾਕਮਾਲ ਪੇਸ਼ਕਾਰੀ ਕੀਤੀ।ਸ਼ੋਅ ਦੌਰਾਨ 500 ਡਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ, ਜਿਸ ਵਿੱਚ ਗੁਰੂ ਜੀ ਦੇ ਬਰਾਬਰੀ, ਭਾਈਚਾਰਕ ਸਾਂਝ, ਦਇਆ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦਾ ਸਦੀਵੀ ਸੰਦੇਸ਼ ਦੀ ਪੇਸ਼ਕਾਰੀ ਕੀਤੀ ਗਈ । ਸੰਗਤ ਨੂੰ ਸੰਬੋਧਨ ਕਰਦਿਆਂ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਇਹ ਸ਼ਾਨਦਾਰ ਡਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਜੀ ਨੂੰ ਢੁਕਵੀਂ ਸ਼ਰਧਾਂਜਲੀ ਹੈ ਅਤੇ ਉਨ੍ਹਾਂ ਦੇ ਸਦੀਵੀਂ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਰਧਾ ਨਾਲ ਮਨਾਉਂਦਿਆ ਆਧੁਨਿਕ ਮਾਧਿਅਮਾਂ ਰਾਹੀਂ ਗੁਰੂ ਜੀ ਦੇ ਸਰਬ-ਸਾਂਝੇ ਫਲਸਫ਼ੇ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਤਹਿਤ ਸੂਬੇ ਭਰ ਵਿੱਚ 92 ਡਰੋਨ ਸ਼ੋਅ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੇ ਇਨਕਲਾਬੀ ਫਲਸਫ਼ੇ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਡਰੋਨ ਸ਼ੋਅ ਤੋਂ ਪਹਿਲਾਂ ਰਾਗੀ ਭਾਈ ਜਸਬੀਰ ਸਿੰਘ ਜਲੰਧਰ ਵਾਲੇ , ਭਾਈ ਹਰਵਿੰਦਰ ਸਿੰਘ, ਭਾਈ ਜਗਤਾਰ ਸਿੰਘ ਨੇ ਗੁਰਬਾਣੀ ਦੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਜਰਨੈਲ ਸਿੰਘ ਮਾਹਲ, ਐੱਸਡੀਐੱਮ ਬਟਾਲਾ ਸਾਰੰਗਪ੍ਰੀਤ ਸਿੰਘ ਔਜਲਾ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ, ਗੁਰਦਿਲਬਾਗ ਸਿੰਘ ਨੀਟਾ ਮਾਹਲ, ਕਰਨ ਮਾਹਲ, ਰਾਜਵਿੰਦਰ ਸਿੰਘ ਸਮੇਤ ਹਲਕੇ ਦੀ ਸੰਗਤ ਮੌਜੂਦ ਸੀ।