ਐੱਸਡੀ ਕਾਲਜ ਵਿਖੇ 400 ਵਲੰਟੀਅਰਜ਼ ਨੇ ਕੱਢੀ ਜਾਗਰੂਕਤਾ ਰੈਲੀ ਪੰਡਿਤ ਮੋਹਨ ਲਾਲ ਐੱਸਡੀ ਕਾਲਜ ਵਿਖੇ 400 ਵਲੰਟੀਅਰਜ਼ ਨੇ ਕੱਢੀ ਜਾਗਰੂਕਤਾ ਰੈਲੀ
Publish Date: Sat, 03 Oct 2026 03:44 PM (IST)
Updated Date: Sat, 03 Oct 2026 03:46 PM (IST)
ਜੀਆਰਪੀ- ਰੈਲੀ ਕੱਢਦੇ ਹੋਏ ਕਾਲਜ ਦੇ ਵਲੰਟੀਅਰਜ਼ ਅਤੇ ਸਟਾਫ। ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮੈਨ ਗੁਰਦਾਸਪੁਰ ਵਿਖੇ ਭਾਰਤ ਸਰਕਾਰ ਦੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੀ ਮੁਹਿੰਮ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ’ ਤਹਿਤ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਇੱਕ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ।ਇਸ ਰੈਲੀ ’ਚ ਕਾਲਜ ਦੀਆਂ ਲਗਭਗ 400 ਵਿਦਿਆਰਥਣਾਂ ਨੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਦੇ ਪ੍ਰੋਗਰਾਮ ਅਫ਼ਸਰਾਂ ਡਾ. ਸੁਖਵਿੰਦਰ ਕੌਰ, ਸਮਿਤਾ ਖਜੂਰੀਆ ਅਤੇ ਸਾਕਸ਼ੀ ਦੀ ਅਗਵਾਈ ਹੇਠ ਇਸ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ’ਚ ਸਥਾਨਕ ਸਮਾਜ ਸੇਵੀ ਸੰਸਥਾ ਭਾਰਤੀ ਵਿਕਾਸ ਪਰਿਸ਼ਦ ਦੇ ਮੈਂਬਰਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਭਾਰਤ ਵਿਕਾਸ ਪ੍ਰੀਸ਼ਦ ਮੇਨ ਬ੍ਰਾਂਚ ਗੁਰਦਾਸਪੁਰ ਵੱਲੋਂ ਅਨਿਲ ਮਹਾਜਨ (ਪ੍ਰਧਾਨ), ਅਸ਼ਵਨੀ ਚਤਰਥ (ਸਕੱਤਰ), ਪ੍ਰੇਮ ਖੋਸਲਾ, ਇੰਦਰਜੀਤ ਸਿੰਘ ਬਾਜਵਾ, ਰਾਜੇਸ਼ ਮਹਾਜਨ, ਸੰਜੀਵ ਸਨਵਾਲ, ਸੁਨੀਲ ਸ਼ਰਮਾ, ਰਜਿੰਦਰ ਸ਼ਰਮਾ, ਸ਼੍ਰੀਮਤੀ ਨੀਲਮ ਸ਼ਰਮਾ ਅਤੇ ਅਸ਼ੋਕ ਕੁਮਾਰ ਸ਼ਾਮਲ ਹੋਏ। ਉਨ੍ਹਾਂ ਨੇ ਨਸ਼ਿਆਂ ਦੀ ਰੋਕਥਾਮ, ਨਸ਼ਾ ਪੀੜਤ ਵਿਅਕਤੀਆਂ ਦੇ ਮੁੜ ਵਸੇਬੇ ਅਤੇ ਸਮਾਜ ਵਿੱਚ ਨਸ਼ਾ ਮੁਕਤੀ ਪ੍ਰਤੀ ਸਕਾਰਾਤਮਕ ਸੋਚ ਵਿਕਸਿਤ ਕਰਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਰੈਲੀ ਦੌਰਾਨ ਵਿਦਿਆਰਥਣਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਜਾਗਰੂਕ ਕੀਤਾ। ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਵਿਦਿਆਰਥਣਾਂ ਦੇ ਉਤਸ਼ਾਹ, ਅਨੁਸ਼ਾਸਨ ਅਤੇ ਸਮਾਜ ਸੇਵਾ ਦੀ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ।