ਰਿਆੜਕੀ ਕਾਲਜ ਵਿਖੇ 36ਵਾਂ ਗਿਆਨੀ ਮੇਵਾ ਸਿੰਘ ਯਾਦਗਾਰੀ ਗੁਰਮਤਿ ਕੈਂਪ ਸੰਪੰਨ ਰਿਆੜਕੀ ਕਾਲਜ ਵਿਖੇ 36ਵਾਂ ਗਿਆਨੀ ਮੇਵਾ ਸਿੰਘ ਯਾਦਗਾਰੀ ਗੁਰਮਤਿ ਕੈਂਪ ਸੰਪੰਨ
Publish Date: Mon, 12 Oct 2026 04:40 PM (IST)
Updated Date: Mon, 12 Oct 2026 04:41 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ/ ਸ੍ਰੀ ਹਰਗੋਬਿੰਦਪੁਰ ਸਾਹਿਬ: ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਲਗਾਇਆ ਗਿਆ 36ਵਾਂ ਗਿਆਨੀ ਮੇਵਾ ਸਿੰਘ ਜੀ ਯਾਦਗਾਰੀ ਗੁਰਮਤਿ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ। ਕੈਂਪ ਦੌਰਾਨ 65 ਵਿਦਿਆਰਥੀ ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣੇ। ਵਿਦਿਆਰਥੀਆਂ ਨੇ ਲਗਭਗ 55,000 ਰੁਪਏ ਦੀਆਂ ਗੁਰਮਤਿ ਪੁਸਤਕਾਂ ਖ਼ਰੀਦੀਆਂ ਅਤੇ 450 ਵਿਦਿਆਰਥੀਆਂ ਨੇ ਆਪਣੇ ਜਨਮ ਦਿਨ ਮੌਕੇ ਗੁਰਮਤਿ ਪ੍ਰਕਾਸ਼ ਰਸਾਲੇ ਲਗਵਾਏ। ਕੈਂਪ ਦਾ ਉਦਘਾਟਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕੀਤਾ, ਜਦਕਿ ਸਮਾਪਤੀ ਸਮਾਰੋਹ ਵਿੱਚ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਅਨੰਦਪੁਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਗੁਰਸਿੱਖੀ ਜੀਵਨ-ਜਾਚ ਅਤੇ ਰਹਿਤ-ਮਰਿਆਦਾ ਨਾਲ ਜੋੜਿਆ ਗਿਆ। ਕਥਾ-ਵਿਚਾਰ, ਕੀਰਤਨ, ਢਾਡੀ ਵਾਰਾਂ, ਕਵੀਸ਼ਰੀ, ਵਿਦਵਾਨਾਂ ਦੇ ਭਾਸ਼ਣ, ਪੁਸਤਕ ਪ੍ਰਦਰਸ਼ਨੀ ਅਤੇ ਧਾਰਮਿਕ ਫ਼ਿਲਮਾਂ ਰਾਹੀਂ ਬੱਚਿਆਂ ਦੇ ਮਨਾਂ ਵਿੱਚ ਗੁਰੂ ਸਾਹਿਬਾਨ ਦੀ ਸਿੱਖਿਆ ਪ੍ਰਤੀ ਸ਼ਰਧਾ ਅਤੇ ਉਤਸ਼ਾਹ ਜਗਾਉਣ ਦਾ ਭਰਪੂਰ ਉਪਰਾਲਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹੁੰਚੇ ਪੰਜ ਪਿਆਰੇ ਸਾਹਿਬਾਨ ਵੱਲੋਂ 65 ਵਿਦਿਆਰਥੀਆਂ ਨੂੰ ਅੰਮ੍ਰਿਤ ਛਕਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿਜੇ ਸਿੰਘ, ਸੁਖਦੇਵ ਸਿੰਘ, ਸਾਬਕਾ ਸਕੱਤਰ ਵਰਿਆਮ ਸਿੰਘ, ਮਹਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ, ਗੁਰਦੁਆਰਾ ਗਜ਼ਟ ਦੇ ਐਡੀਟਰ ਕਮ ਇੰਚਾਰਜ ਰਣਜੀਤ ਕੌਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਤੋਂ ਪ੍ਰੋ. ਡਾ. ਰਮਨਦੀਪ ਕੌਰ ਅਤੇ ਰਾਜਪਾਲ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਗੁਰਦੁਆਰਾ ਬੁਰਜ ਸਾਹਿਬ, ਗੁਰਦੁਆਰਾ ਸ੍ਰੀ ਅਚਲ ਸਾਹਿਬ ਬਟਾਲਾ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਤੋਂ ਆਏ ਕੀਰਤਨੀ ਜਥਿਆਂ ਨੇ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਢਾਡੀ ਤੇ ਕਵੀਸ਼ਰੀ ਜਥਿਆਂ ਅਤੇ ਪ੍ਰਚਾਰਕਾਂ ਨੇ ਵਿਦਿਆਰਥੀਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਪ੍ਰੋਜੈਕਟਰ ’ਤੇ ਦਿਖਾਈਆਂ ਧਾਰਮਿਕ ਫ਼ਿਲਮਾਂ ਰਾਹੀਂ ਵਿਦਿਆਰਥੀਆਂ ਨੇ ਸਿੱਖ ਇਤਿਹਾਸ ਅਤੇ ਧਾਰਮਿਕ ਵਿਰਸੇ ਬਾਰੇ ਹੋਰ ਡੂੰਘੀ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਵਿਦਿਆਰਥੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੀ, ਜਿੱਥੋਂ ਉਨ੍ਹਾਂ ਨੇ ਲਗਭਗ 55,000 ਰੁਪਏ ਦੀਆਂ ਕਿਤਾਬਾਂ ਖ਼ਰੀਦ ਕੇ ਪੜ੍ਹਨ ਦੀ ਰੁਚੀ ਦਾ ਸੁੰਦਰ ਪ੍ਰਗਟਾਵਾ ਕੀਤਾ। ਜਦਕਿ 450 ਵਿਦਿਆਰਥੀਆਂ ਨੇ ਆਪਣੇ ਜਨਮ ਦਿਨ ’ਤੇ ਮਹਿੰਗੇ ਕਾਰਡਾਂ ਅਤੇ ਮਠਿਆਈਆਂ ਦੀ ਥਾਂ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਗੁਰਮਤਿ ਪ੍ਰਕਾਸ਼ ਰਸਾਲੇ ਲਗਵਾ ਕੇ ਜਨਮ ਦਿਨ ਨੂੰ ਗੁਰਮਤਿ ਪ੍ਰਚਾਰ ਨਾਲ ਜੋੜਨ ਦਾ ਸੁਨੇਹਾ ਦਿੱਤਾ। ਆਏ ਮਹਿਮਾਨਾਂ ਨੂੰ ਲੰਗਰ ਛਕਾਇਆ ਗਿਆ। ਕਾਲਜ ਪ੍ਰਿੰਸੀਪਲ ਵਿਰਕ ਅਤੇ ਸਕੂਲ ਪ੍ਰਿੰਸੀਪਲ ਨਵਦੀਪ ਕੌਰ ਰੰਧਾਵਾ ਨੇ ਕੈਂਪ ਦੌਰਾਨ ਸ਼ਾਨਦਾਰ ਸੇਵਾ ਨਿਭਾਉਣ ਵਾਲੇ ਕੈਂਪ ਕਮਾਂਡਰ ਪ੍ਰੋ. ਗਗਨਦੀਪ ਕੌਰ ਨਾਗਰਾ ਅਤੇ ਕਲਾ ਕਿਰਤੀਆਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਗੁਰਬਾਣੀ ਦੀ ਰੌਸ਼ਨੀ, ਸ਼ਹੀਦਾਂ ਦੀ ਵਿਰਾਸਤ ਅਤੇ ਹੱਥੀਂ ਕਿਰਤ ਦੀ ਸਿੱਖਿਆ ਨਾਲ ਭਰਪੂਰ ਇਹ ਕੈਂਪ ਵਿਦਿਆਰਥੀਆਂ ਦੇ ਜੀਵਨ ਵਿੱਚ ਚੰਗੇ ਗੁਣਾਂ ਦੇ ਬੀਜ ਬੀਜ ਕੇ ਸੰਪੰਨ ਹੋਇਆ।