- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਵਿੱਚ ਡੇਂਗੂ ਦੇ 23 ਮਾਮਲੇ, ਸਿਹਤ ਵਿਭਾਗ ਨੇ 74,533 ਘਰਾਂ ਦੀ ਕੀਤੀ ਜਾਂਚ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਜ਼ਿਲ੍ਹੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ 23 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰੋਕਥਾਮ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ਵਿਭਾਗ ਦੀਆਂ ਟੀਮਾਂ ਲਗਾਤਾਰ ਘਰਾਂ ਅਤੇ ਜਨਤਕ ਸਥਾਨਾਂ 'ਤੇ ਮੱਛਰਾਂ ਦੀ ਬ੍ਰੀਡਿੰਗ ਚੈੱਕ ਕਰਨ ਦੇ ਨਾਲ-ਨਾਲ ਦਵਾਈ ਦਾ ਛਿੜਕਾਅ ਵੀ ਕਰ ਰਹੀਆਂ ਹਨ। ਸਿਹਤ ਵਿਭਾਗ ਵੱਲੋਂ ਮਿਲੇ ਅੰਕੜਿਆਂ ਅਨੁਸਾਰ ਵਿਭਾਗ ਨੇ ਹੁਣ ਤੱਕ ਜ਼ਿਲ੍ਹੇ ਵਿੱਚ 74,533 ਘਰਾਂ ਦੀ ਚੈਕਿੰਗ ਕੀਤੀ ਹੈ, ਜਿਨ੍ਹਾਂ ਵਿੱਚੋਂ 1,483 ਘਰਾਂ ਵਿੱਚ ਮੱਛਰਾਂ ਦੀ ਬ੍ਰੀਡਿੰਗ ਪਾਈ ਗਈ ਹੈ। ਇਨ੍ਹਾਂ ਥਾਵਾਂ 'ਤੇ ਤੁਰੰਤ ਲਾਰਵਾ ਨਸ਼ਟ ਕਰਨ ਦੀ ਕਾਰਵਾਈ ਕੀਤੀ ਗਈ ਹੈ ਅਤੇ ਸੰਬੰਧਿਤ ਪਰਿਵਾਰਾਂ ਨੂੰ ਜਾਗਰੂਕ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬਰਸਾਤ ਦਾ ਮੌਸਮ ਡੇਂਗੂ ਦੇ ਮੱਛਰਾਂ ਲਈ ਅਨੁਕੂਲ ਹੁੰਦਾ ਹੈ ਕਿਉਂਕਿ ਇਸ ਦੌਰਾਨ ਪਾਣੀ ਇਕੱਠਾ ਹੋਣ ਕਾਰਨ ਮੱਛਰਾਂ ਦੀ ਬ੍ਰੀਡਿੰਗ ਵਧ ਜਾਂਦੀ ਹੈ।
ਜ਼ਿਲ੍ਹਾ ਐਪੀਡੀਮੀਓਲੋਜਿਸਟ ਡਾ. ਮਮਤਾ ਵਾਸੂਦੇਵ ਨੇ ਦੱਸਿਆ ਕਿ ਡੇਂਗੂ ਇੱਕ ਮੱਛਰ ਜਨਿਤ ਵਾਇਰਲ ਬੀਮਾਰੀ ਹੈ ਜੋ ਏਡੀਜ਼ ਇਜਿਪਟੀ ਮਾਦਾ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਹ ਮੱਛਰ ਸਾਫ਼ ਪਾਣੀ ਵਿੱਚ ਪਨਪਦਾ ਹੈ ਅਤੇ ਦਿਨ ਦੇ ਸਮੇਂ ਖਾਸ ਕਰਕੇ ਸਵੇਰ-ਸ਼ਾਮ ਸਰਗਰਮ ਰਹਿੰਦਾ ਹੈ। ਡੇਂਗੂ ਦੇ ਮਰੀਜ਼ ਵਿੱਚ ਆਮ ਤੌਰ 'ਤੇ ਤੇਜ਼ ਬੁਖ਼ਾਰ, ਸਿਰਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਤੇਜ਼ ਦਰਦ, ਅੱਖਾਂ ਦੇ ਪਿੱਛਲੇ ਹਿੱਸੇ ਵਿੱਚ ਦਰਦ, ਚਮੜੀ 'ਤੇ ਲਾਲ ਧੱਬੇ, ਮਸੂੜਿਆਂ ਜਾਂ ਨੱਕ ਤੋਂ ਖੂਨ ਆਉਣਾ, ਉਲਟੀ ਅਤੇ ਮਤਲੀ ਦੇ ਲੱਛਣ ਪਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਚਾਅ ਲਈ ਕੂਲਰ, ਗਮਲੇ, ਟਾਇਰ, ਨਾਰੀਅਲ ਦੇ ਛਿੱਲਕੇ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ। ਪਾਣੀ ਦੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ। ਹਰ ਸ਼ੁੱਕਰਵਾਰ ਨੂੰ ਘਰ ਦੇ ਆਸਪਾਸ ਇਕੱਠਾ ਪਾਣੀ ਸਾਫ਼ ਕਰਨ ਅਤੇ ਮੱਛਰਾਂ ਦੀ ਬ੍ਰੀਡਿੰਗ ਚੈੱਕ ਕਰਨ। ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ, ਖਾਸ ਕਰਕੇ ਸਵੇਰ-ਸ਼ਾਮ ਦੇ ਸਮੇਂ ਜਦੋਂ ਡੇਂਗੂ ਦਾ ਮੱਛਰ ਸਭ ਤੋਂ ਵੱਧ ਸਰਗਰਮ ਹੁੰਦਾ ਹੈ। ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰਨ। ਖੁੱਲ੍ਹੇ ਸਰੀਰ 'ਤੇ ਮੱਛਰ ਭਗਾਉਣ ਵਾਲੀ ਕਰੀਮ ਜਾਂ ਲੋਸ਼ਨ ਲਗਾਉਣ। ਜੇਕਰ ਤੇਜ਼ ਬੁਖ਼ਾਰ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ ਜਾਂ ਹੋਰ ਡੇਂਗੂ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਜਾਂ ਸੀਐੱਚਸੀ ਵਿੱਚ ਜਾ ਕੇ ਡੇਂਗੂ ਦਾ ਟੈਸਟ ਕਰਵਾਉਣ। ਡੇਂਗੂ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹੈ। ਬੁਖ਼ਾਰ ਆਉਣ 'ਤੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲੈਣ, ਕਿਉਂਕਿ ਇਹ ਖੂਨ ਵਹਿਣ ਦਾ ਖ਼ਤਰਾ ਵਧਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਰੋਜ਼ਾਨਾ ਘਰ-ਘਰ ਜਾ ਕੇ ਬ੍ਰੀਡਿੰਗ ਚੈੱਕ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਸੰਵੇਦਨਸ਼ੀਲ ਇਲਾਕਿਆਂ ਵਿੱਚ ਫੌਗਿੰਗ ਅਤੇ ਦਵਾਈ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੇਂਗੂ ਨੂੰ ਲੈ ਕੇ ਘਬਰਾਉਣ ਨਾ ਸਗੋਂ ਸੁਚੇਤ ਰਹਿਣ ਅਤੇ ਬਚਾਅ ਦੇ ਉਪਾਅ ਅਪਣਾਉਣ। ਉਨ੍ਹਾਂ ਕਿਹਾ ਕਿ ਡੇਂਗੂ ਦਾ ਇਲਾਜ ਸੰਭਵ ਹੈ ਅਤੇ ਸਮੇਂ ਸਿਰ ਇਲਾਜ ਮਿਲਣ 'ਤੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਬੁਖ਼ਾਰ ਹੋਵੇ ਤਾਂ ਉਹ ਆਪਣੇ ਆਪ ਦਵਾਈ ਨਾ ਲੈਣ ਅਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨ।