ਪਿੰਡ ਸੁਖਾ ਬਥਵਾਲਾ ਦਾ 20 ਸਾਲਾ ਨੌਜਵਾਨ ਤਿੰਨ ਮਹੀਨਿਆਂ ਤੋਂ ਲਾਪਤਾ ਪਿੰਡ ਸੁਖਾ ਬਥਵਾਲਾ ਦਾ 20 ਸਾਲਾ ਨੌਜਵਾਨ ਤਿੰਨ ਮਹੀਨਿਆਂ ਤੋਂ ਲਾਪਤਾ
Publish Date: Tue, 18 Aug 2026 04:58 PM (IST)
Updated Date: Tue, 18 Aug 2026 05:00 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਪਿੰਡ ਸੁਖਾ ਬਥਵਾਲਾ ਦਾ 20 ਸਾਲਾ ਨੌਜਵਾਨ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਲਾਪਤਾ ਹੈ। ਨੌਜਵਾਨ ਦੀ ਪਛਾਣ ਮੰਗਾ ਵਜੋਂ ਹੋਈ ਹੈ। ਲੰਬਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਸ ਦਾ ਕੋਈ ਪਤਾ ਨਾ ਚੱਲਣ ਕਾਰਨ ਉਸ ਦੀ ਮਾਂ ਅਤੇ ਤਿੰਨ ਭੈਣਾਂ ਸਮੇਤ ਪੂਰਾ ਪਰਿਵਾਰ ਗਹਿਰੀ ਚਿੰਤਾ ਵਿੱਚ ਹੈ। ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਮੰਗਾ ਦੀ ਜਲਦ ਤੋਂ ਜਲਦ ਤਲਾਸ਼ ਕਰਕੇ ਉਸ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਚਰਚ ਗਏ ਹੋਏ ਸਨ, ਉਸੇ ਦੌਰਾਨ ਮੰਗਾ ਘਰੋਂ ਨਿਕਲ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਮੰਗਾ ਪਹਿਲਾਂ ਵੀ ਕਦੇ-ਕਦੇ ਘਰੋਂ ਬਾਹਰ ਜਾਂਦਾ ਸੀ ਅਤੇ ਕੁਝ ਸਮੇਂ ਬਾਅਦ ਵਾਪਸ ਆ ਜਾਂਦਾ ਸੀ ਪਰ ਇਸ ਵਾਰ ਉਹ ਘਰ ਨਹੀਂ ਪਰਤਿਆ। ਪਰਿਵਾਰ ਨੇ ਆਪਣੇ ਪੱਧਰ ਤੇ ਕਾਫ਼ੀ ਤਲਾਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਭਾ। ਪਰਿਵਾਰ ਨੇ ਦੱਸਿਆ ਕਿ ਮੰਗਾ ਦੇ ਲਾਪਤਾ ਹੋਣ ਦੇ ਕੁਝ ਸਮੇਂ ਬਾਅਦ ਅੰਮ੍ਰਿਤਸਰ ਦੇ ਨੇੜੇ ਵੱਲਾ ਇਲਾਕੇ ਤੋਂ ਕੁਝ ਵਿਅਕਤੀਆਂ ਦਾ ਫੋਨ ਆਇਆ। ਫੋਨ ਕਰਨ ਵਾਲਿਆਂ ਨੇ ਦੱਸਿਆ ਕਿ ਮੰਗਾ ਉਨ੍ਹਾਂ ਕੋਲ ਹੈ। ਪਰਿਵਾਰ ਅਨੁਸਾਰ ਰਾਤ ਦੇ ਸਮੇਂ ਉਨ੍ਹਾਂ ਨੂੰ ਫੋਨ ਕਰਕੇ ਮੰਗਾ ਨੂੰ ਚੌਕੀ ਜਾਂ ਥਾਣੇ ਤੋਂ ਲੈ ਜਾਣ ਲਈ ਕਿਹਾ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਅਤੇ ਅਗਲੀ ਸਵੇਰੇ ਮੰਗਾ ਨੂੰ ਲੈਣ ਦੀ ਤਿਆਰੀ ਕੀਤੀ ਪਰ ਸਵੇਰੇ ਮੁੜ ਫੋਨ ਆਇਆ ਕਿ ਮੰਗਾ ਰਾਤੋ-ਰਾਤ ਹੀ ਉੱਥੋਂ ਚਲਾ ਗਿਆ ਹੈ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਗੇ ਤੋਂ ਫੋਨ ਨਾ ਕਰਨ ਲਈ ਕਿਹਾ ਗਿਆ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਮੰਗਾ ਦੀ ਤਲਾਸ਼ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਸਬੰਧੀ ਸਦਰ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਅਤੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਮੁਲਾਕਾਤ ਕੀਤੀ ਗਈ। ਪਰਿਵਾਰ ਅਨੁਸਾਰ ਹੁਣ ਤੱਕ ਮੰਗਾ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ। ਮੰਗਾ ਦੀਆਂ ਭੈਣਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਭਰਾ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰੀ ਹੋ ਸਕਦੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਹਰ ਪਹਿਲੂ ਤੋਂ ਗੰਭੀਰ ਜਾਂਚ ਕਰਨ ਅਤੇ ਮੰਗਾ ਦੀ ਤਲਾਸ਼ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ।