ਸੜਕ ਹਾਦਸੇ ਚ 20 ਸਾਲਾ ਨੌਜਵਾਨ ਦੀ ਮੌਤ, ਮਾਂ ਧੀ ਗੰਭੀਰ ਜ਼ਖਮੀ ਸੜਕ ਹਾਦਸੇ ਚ 20 ਸਾਲਾ ਨੌਜਵਾਨ ਦੀ ਮੌਤ, ਮਾਂ ਧੀ ਗੰਭੀਰ ਜ਼ਖਮੀ
Publish Date: Thu, 12 Nov 2026 03:58 PM (IST)
Updated Date: Thu, 12 Nov 2026 04:00 PM (IST)
ਨਿਸ਼ਾਨ ਸਿੰਘ ਰੰਧਾਵਾ\ਰਾਜਨ ਤਰੇਹਨ, ਪੰਜਾਬੀ ਜਾਗਰਣ ਧਿਆਨਪੁਰ\ਬਟਾਂਲਾ: ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ ਰੋਡ ਨਜਦੀਕ ਪਿੰਡ ਨਿੱਕੇ ਨਿਕੋਸਰਾਂ ਅਤੇ ਪਿੰਡ ਸ਼ਾਹਪੁਰ ਜਾਜਨ ਦੀ ਪੱਤੀ ਰਾਮਪੁਰ ਦੇ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇੱਕ 20 ਸਾਲਾਂ ਨੌਜਵਾਨ ਦੀ ਮੌਕੇ ਤੇ ਦਰਦਨਾਕ ਮੌਤ ਹੋ ਜਾਣ ਅਤੇ ਉਸਦੀ ਮਾਂ ਅਤੇ ਉਸ ਦੀ ਛੋਟੀ ਭੈਣ ਦੇ ਗੰਭੀਰ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਧਰ ਮੌਕੇ ਤੇ ਲੰਘ ਰਹੇ ਡੀਐੱਸਪੀ ਡੇਰਾ ਬਾਬਾ ਨਾਨਕ ਅਤੇ ਐੱਸ.ਡੀ.ਐੱਮ ਲਛਮਣ ਸਿੰਘ ਵੱਲੋਂ ਜ਼ਖਮੀਆਂ ਅਤੇ ਮ੍ਰਿਤਕ ਨੌਜਵਾਨ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਸਿਵਿਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ। ਇਸ ਮੌਕੇ ਪੁਲਿਸ ਪਾਰਟੀ ਸਮੇਤ ਪਹੁੰਚੇ ਐੱਸਐੱਚਓ ਡੇਰਾ ਬਾਬਾ ਨਾਨਕ ਅਸ਼ੋਕ ਕੁਮਾਰ ਸ਼ਰਮਾ ਵੱਲੋਂ ਪਹੁੰਚ ਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਤਾਰੂਵਾਲੀ ਦੇ ਸਰਪੰਚ ਨੇ ਦੱਸਿਆ ਕਿ ਨੌਜਵਾਨ ਜੁਗਰਾਜ ਸਿੰਘ ਵਾਸੀ ਪਿੰਡ ਤਾਰੂਵਾਲੀ ਆਪਣੀ ਮਾਤਾ ਅਤੇ ਆਪਣੀ ਛੋਟੀ ਭੈਣ ਦੇ ਨਾਲ ਫਤਿਹਗੜ੍ਹ ਚੂੜੀਆਂ ਨੂੰ ਦਵਾਈ ਲੈਣ ਲਈ ਜਾ ਰਿਹਾ ਸੀ ਤਾਂ ਜਦੋਂ ਇਹ ਪਿੰਡ ਸ਼ਾਹਪੁਰ ਜਾਜਨ ਦੀ ਪੱਤੀ ਰਾਮਪੁਰ ਅਤੇ ਨਿੱਕੀ ਨਿੱਕੋਸਰਾਂ ਦੇ ਵਿਚਕਾਰ ਪਹੁੰਚਿਆ ਤਾਂ ਤੇਜ ਰਫਤਾਰ ਆ ਰਹੇ ਦੁੱਧ ਵਾਲੇ ਕੈਂਟਰ ਨੇ ਇਹਨਾਂ ਦੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ ਜਿਸ ਦੌਰਾਨ ਨੌਜਵਾਨ ਜੁਗਰਾਜ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਤੇ ਉਸ ਦੀ ਛੋਟੀ ਭੈਣ ਦੀ ਲੱਤ ਟੁੱਟ ਗਈ ਅਤੇ ਉਸ ਦੀ ਮਾਤਾ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਧਰ ਮੌਕੇ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਕੈਂਟਰ ਚਾਲਕ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਉਥੋਂ ਭੱਜ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਅਸ਼ੋਕ ਕੁਮਾਰ ਸ਼ਰਮਾ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਇੱਥੇ ਪਹੁੰਚੇ ਹਾਂ ਤੇ ਪਤਾ ਲੱਗਾ ਹੈ ਕੀ ਇੱਕ ਦੁੱਧ ਵਾਲੇ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਵਿੱਚ ਨੌਜਵਾਨ ਜੁਗਰਾਜ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਤਾਰੂਵਾਲੀ ਦੀ ਮੌਕੇ ਤੇ ਮੌਤ ਹੋਈ ਹੈ ਜਦਕਿ ਉਸ ਦੀ ਮਾਤਾ ਅਤੇ ਭੈਣ ਗੰਭੀਰ ਜ਼ਖਮੀ ਹਨ ਜਿਨਾਂ ਨੂੰ ਐਬੂਲੈਂਸ ਰਾਹੀਂ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਕੈਂਟਰ ਚਾਲਕ ਦਾ ਪਤਾ ਲਗਾਉਣ ਲਈ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਗਾਲੇ ਜਾ ਰਹੇ ਹਨ ਤੇ ਉਸ ਨੂੰ ਜਲਦੀ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ।